ਚਰਨਜੀਤ ਸਿੰਘ ਢਿੱਲੋਂਜਗਰਾਉਂ, 1 ਫਰਵਰੀਪ੍ਰਾਜੈਕਟ ‘ਅਮਰੂਤ 2.0’ ਦਾ ਕੰਮ ਸ਼ੁਰੂ ਕਰਨ ਲਈ ਲੋੜੀਂਦਾ ਸਾਮਾਨ ਪਾਈਪਾਂ ਵਗੈਰਾ ਆਉਣ ਲੱਗ ਗਈਆਂ ਹਨ। ਸ਼ਹਿਰ ਦੇ ਲੋਕਾਂ ਵਿੱਚ ਇਸ ਪ੍ਰਾਜੈਕਟ ਦੀ ਪ੍ਰਵਾਨਗੀ ਤੇ ਸਾਮਾਨ ਆਉਣ ਦੀ ਖੁਸ਼ੀ ਹੈ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਕਰੀਬ ਛੇ ਮਹੀਨੇ ਦਾ ਸਮਾਂ ਲੱਗੇਗਾ। ਧਰਤੀ ਹੇਠਲੇ ਖਰਾਬ ਹੋ ਰਹੇ ਪਾਣੀ ਨੂੰ ਲੋਕਾਂ ਦੇ ਪੀਣ ਯੋਗ ਬਣਾਉਣ ਲਈ ਸਰਕਾਰ ਵੱਲੋਂ ਉਪਰਾਲੇ ਆਰੰਭ ਕੀਤੇ ਗਏ ਹਨ। ਇਸੇ ਤਰਜ਼ ’ਤੇ ਹੀ ਜਗਰਾਉਂ ਵਾਸੀਆਂ ਨੂੰ ਪੀਣ-ਯੋਗ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਦੇ ਪਾਣੀ ਦੇ ਸੈਂਪਲਾਂ ਵਿੱਚ ਭਾਰੀ ਮੈਟਲ ਪਾਇਆ ਗਿਆ ਹੈ, ਵਰਲਡ ਹੈੱਲਥ ਆਰਗੇਨਾਈਜੇਸ਼ਨ ਦੀਆਂ ਰਿਪੋਰਟਾਂ ਮੁਤਾਬਕ ਪਾਣੀ ਵਿੱਚ ਹੈਵੀ ਮੈਟਲ ਦੀ ਵੱਧ ਮਾਤਰਾ ਕਾਰਨ ਲੋਕਾਂ ਵਿੱਚ ਪੀਲੀਆ, ਗੈਸਟਰੋ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ।ਮਾਹਿਰਾਂ ਦੀ ਸ਼ਿਫਾਰਸ਼ ’ਤੇ ਸ਼ੁੱਧ ਪਾਣੀ ਦੀ ਸਪਲਾਈ ਲਈ ‘ਅਮਰੂਤ 2.0’ ਸਿਰਲੇਖ ਹੇਠ ਇੱਕ ਪ੍ਰਾਜੈਕੈਟ ਤੇ ਕਰੀਬ 33 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਸ਼ੁਰੂਆਤੀ ਦੌਰ ਵਿੱਚ ਇਸ ਪ੍ਰਾਜੈਕਟ ਅਧੀਨ ਅਖਾੜਾ ਨਹਿਰ (ਅਬੋਹਰ ਬ੍ਰਾਂਚ) ਉਪਰ 21 ਟਿਊਬਵੈੱਲ ਲਗਾਏ ਜਾਣਗੇ ਤੇ ਲਗਪਗ 13 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾ ਕੇ ਸ਼ਹਿਰ ਦੇ ਲੋਕਾਂ ਨੂੰ ਸਪਲਾਈ ਦਿੱਤੀ ਜਾਵੇਗੀ। ਟਿਊਬਵੈੱਲ ਦਾ ਪਾਣੀ ਨਗਰ ਕੌਂਸਲ ਵੱਲੋਂ ਪਹਿਲਾਂ ਤੋਂ ਵਿਛਾਈ ਪਾਈਪ ਲਾਈਨ ਨਾਲ ਜੋੜਿਆ ਜਾਵੇਗਾ। ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਕਰੀਬ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ, ਜਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਜੈਕਟ ਉਪਰ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ,ਨਗਰ ਕੌਂਸਲ ਜਗਰਾਉਂ ਦਾ ਕੋਈ ਵੀ ਪੈਸਾ ਖਰਚ ਨਹੀਂ ਆਵੇਗਾ।