ਪ੍ਰਸ਼ਾਸਨ ਨੇ ਬਾਜ਼ਾਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ
ਕੇਪੀ ਸਿੰਘ
ਗੁਰਦਾਸਪੁਰ, 29 ਜਨਵਰੀ
ਸ਼ਹਿਰ ਵਿੱਚ ਦਿਨੋਂ-ਦਿਨ ਵਿਗੜਦੀ ਜਾ ਰਹੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਵੇਰੇ ਢਾਹ ਦਿੱਤੀਆਂ। ਸਵੇਰੇ 4 ਵਜੇ ਦੇ ਕਰੀਬ ਏਡੀਸੀ ਹਰਜਿੰਦਰ ਸਿੰਘ ਬੇਦੀ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਆਪ ਬਾਟਾ ਚੌਕ ਨਜ਼ਦੀਕ ਬਾਜ਼ਾਰ ਵਿੱਚ ਪਹੁੰਚੇ। ਉਨ੍ਹਾਂ ਨਾਲ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਪੁਲੀਸ ਦੀ ਟੀਮ ਵੀ ਸੀ। ਏਡੀਸੀ ਦੀ ਅਗਵਾਈ ਵਿੱਚ ਜੇਸੀਬੀ ਨਾਲ ਬਾਜ਼ਾਰ ਵਿੱਚ ਨਾਜਾਇਜ਼ ਉਸਾਰੀਆਂ ਦੀ ਤੋੜ-ਭੰਨ ਕੀਤੀ ਗਈ। ਦੁਕਾਨਦਾਰਾਂ ਵੱਲੋਂ ਕੀਤੀ ਉਸਾਰੀ ਅਤੇ ਥੜ੍ਹੇ, ਦੁਕਾਨਾਂ ਦੇ ਬਾਹਰ ਪਾਏ ਸ਼ੈੱਡ ਤੋੜ ਦਿੱਤੇ ਗਏ। ਕਰਮਚਾਰੀ ਦੁਕਾਨਾਂ ਦੇ ਬਾਹਰ ਪਏ ਬੋਰਡ ਅਤੇ ਟੇਬਲ ਆਦਿ ਵੀ ਚੁੱਕ ਕੇ ਲੈ ਗਏ। ਇਸ ਦੌਰਾਨ ਦੁਕਾਨਦਾਰਾਂ ਨਾਲ ਅਧਿਕਾਰੀਆਂ ਦੀ ਬਹਿਸ ਵੀ ਹੋਈ।
ਏਡੀਸੀ (ਜਨਰਲ) ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਆ ਰਹੀ ਹੈ। ਬਾਜ਼ਾਰ ਦੀਆਂ ਸੜਕਾਂ ਤਾਂ ਜਿੰਨੀਆਂ ਨਜ਼ਰ ਆਉਂਦੀਆਂ ਹਨ ਉਸ ਤੋਂ ਦੁੱਗਣੀਆਂ ਚੌੜੀਆਂ ਹਨ ਪਰ ਨਾਜਾਇਜ਼ ਉਸਾਰੀਆਂ ਅਤੇ ਕਬਜ਼ੇ ਕਾਰਨ ਹੀ ਇਹ ਸਮੱਸਿਆ ਬਣੀ ਹੋਈ ਹੈ। ਇਸ ਦੇ ਰੋਸ ਵਜੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੇ ਦੁਕਾਨਦਾਰ ਅੱਜ ਧਰਨੇ ’ਤੇ ਬੈਠ ਗਏ ਸਨ ਪਰ ਦੇਰ ਸ਼ਾਮ ਤਹਿਸੀਲਦਾਰ ਅਤੇ ਐੱਸਐੱਚਓ ਸਿਟੀ ਵੱਲੋਂ ਡਿਪਟੀ ਕਮਿਸ਼ਨਰ ਦਾ ਸੁਨੇਹਾ ਦੁਕਾਨਦਾਰਾਂ ਤੱਕ ਪਹੁੰਚਾਉਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਧਰਨੇ ਮਗਰੋਂ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਤੋੜੀਆਂ ਗਈਆਂ ਸੀ ਉਨ੍ਹਾਂ ਨੇ ਮਲਬਾ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਦੁਕਾਨਦਾਰਾਂ ਦਾ ਦਾਅਵਾ ਹੈ ਕਿ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨਹੀਂ ਬਲਕਿ ਸ਼ਹਿਰ ਦੀਆਂ ਸੜਕਾਂ ’ਤੇ ਕੀਤੀ ਜਾ ਰਹੀ ਨਾਜਾਇਜ਼ ਪਾਰਕਿੰਗ ਹੈ। ਭਲਕੇ ਵੀਰਵਾਰ ਨੂੰ ਦੁਕਾਨਦਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਸਬੰਧੀ ਨੁਕਤੇ ਦੱਸੇਗਾ।