ਪ੍ਰਸ਼ਾਸਨ ਨਾਲ ਸਹਿਮਤੀ ਮਗਰੋਂ ਪਰਿਵਾਰ ਸਸਕਾਰ ਲਈ ਰਾਜ਼ੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਜੂਨ
ਮਨਰੇਗਾ ਮੇਟ ਰਾਣੀ ਕੌਰ ਖੇੜੀ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਦੇ ਮਾਮਲੇ ’ਚ ਅੱਜ ਡਿਪਟੀ ਕਮਿਸ਼ਨਰ ਅਤੇ ਵੱਖ-ਵੱਖ ਜਥੇਬੰਦੀਆਂ ਵਿਚਕਾਰ ਮੀਟਿੰਗ ਹੋਈ ਜਿਸ ਵਿੱਚ ਡੈਮੋਕਰੈਟਿਕ ਮਨਰੇਗਾ ਫਰੰਟ (ਡੀਐੱਮਐੱਫ) ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਭੀਮ ਆਰਮੀ ਦੇ ਆਗੂ ਕਰਨੈਲ ਸਿੰਘ ਨੀਲੋਵਾਲ, ਸੀਟੂ ਦੇ ਆਗੂ ਸ਼ੇਰ ਸਿੰਘ ਫਰਵਾਹੀ, ਇਸਤਰੀ ਤੇ ਜਬਰ ਵਿਰੋਧੀ ਫਰੰਟ ਦੀ ਆਗੂ ਹਰਪ੍ਰੀਤ ਕੌਰ ਧੂਰੀ, ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਤੇ ਡੀਐੱਮਐੱਫ ਦੀ ਆਗੂ ਹਰਪਾਲ ਕੌਰ ਟਿੱਬੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਆਈਡੀਪੀ ਆਗੂ ਕਰਨੈਲ ਸਿੰਘ ਜਖੇਪਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਸੁਨਾਮ ਹਲਕੇ ਵਿੱਚ ਵਾਪਰੇ ਬਿਸ਼ਨਪੁਰਾ ਕਾਂਡ ਦੀ ਤਰ੍ਹਾਂ ਮਨਰੇਗਾ ਕਾਨੂੰਨ ਅਨੁਸਾਰ ਬਣਦੀ ਰਾਸ਼ੀ ਵਿੱਚੋਂ 2 ਲੱਖ ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 4 ਲੱਖ ਦਾ ਮੁਆਵਜ਼ਾ ਮੇਟ ਰਾਣੀ ਕੌਰ ਖੇੜੀ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਇਹ ਸਹਿਮਤੀ ਬਣਨ ਤੋਂ ਬਾਅਦ ਜਥੇਬੰਦੀਆਂ ਨੇ ਮੇਟ ਰਾਣੀ ਕੌਰ ਖੇੜੀ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਲਿਆ।