For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਨ ਗੇੜੇ

04:52 AM Mar 20, 2025 IST
ਪ੍ਰਸ਼ਨ ਗੇੜੇ
Advertisement
ਪ੍ਰੋ. ਮੋਹਣ ਸਿੰਘ
Advertisement

ਸੱਠ ਪੈਂਹਠ ਸਾਲ ਪਹਿਲਾਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਦੋ ਮੁੱਖ ਵਿਸ਼ੇ ਫਿਜ਼ਿਕਸ ਅਤੇ ਮੈਥੇਮੈਟਿਕਸ ਪੜ੍ਹਾਉਂਦਾ ਸੀ। ਬਲੈਕ ਬੋਰਡ ’ਤੇ ਸਮਾਨ ਅੱਖਰਾਂ ਅਤੇ ਸਿੱਧੀਆਂ ਲਾਈਨਾਂ ਲਿਖਣ ਦਾ ਮੈਨੂੰ ਸ਼ੌਕ ਵੀ ਬਹੁਤ ਸੀ ਅਤੇ ਲਿਖਣਾ ਪੈਂਦਾ ਵੀ ਬਹੁਤ ਸੀ। ਉਸ ਸਮੇਂ ਦੇ ਵਿਦਿਆਰਥੀ ਜਦੋਂ ਵੱਖ-ਵੱਖ ਖੇਤਰਾਂ ਵਿੱਚ ਸਫਲਤਾਵਾਂ ਮਾਣ ਰਹੇ ਸਨ ਤਾਂ ਕਦੇ-ਕਦੇ ਕਨਸੋਅ ਆਉਂਦੀ ਰਹਿੰਦੀ। ਚਰਨਜੀਤ ਸਿੰਘ ਗੁਮਟਾਲਾ ਨੇ ਉੱਦਮ ਕਰ ਕੇ 2012 ਵਿੱਚ ਉਸ ਸਮੇਂ ਦੇ ਵਿਦਿਆਰਥੀਆਂ ਦੀ ਐਲਮਨੀ ਇਕੱਤਰਤਾ ਕੀਤੀ। ਉਸ ਸਮੇਂ ਦੇ ਸੈਕਿੰਡ ਹੈੱਡਮਾਸਟਰ ਅਨੂਪ ਸਿੰਘ ਹੁਣ ਮੈਨੇਜਿੰਗ ਕਮੇਟੀ ਦੇ ਅਹੁਦੇਦਾਰ ਸਨ। ਉਦੋਂ ਦੇ ਅਧਿਆਪਕਾਂ ਵਿੱਚੋਂ ਮੈਂ ਹੀ ਸਾਂ। ਹੈਰਾਨੀ ਸੀ, ਪੰਜਾਹ ਸਾਲ ਬਾਅਦ ਵੀ ਮੈਨੂੰ ਸਾਰਿਆਂ ਨੇ ਸਿਆਣ ਲਿਆ ਤੇ ਯਾਦਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।

Advertisement
Advertisement

ਪਰਵੀਨ ਕੁਮਾਰ ਕੇਂਦਰ ਸਰਕਾਰ ਦੇ ਕਿਸੇ ਵੱਡੇ ਰੁਤਬੇ ਤੋਂ ਰਿਟਾਇਰ ਹੋ ਚੁੱਕਾ ਸੀ। ਮੈਨੂੰ ਕਹਿੰਦਾ, “ਆਪ ਕਿਸ ਬੈਚ ਮੇਂ ਥੇ?” ਉਹਨੂੰ ਚਿਹਰਾ ਤਾਂ ਯਾਦ ਸੀ ਪਰ ਸਮਝ ਰਿਹਾ ਸੀ ਕਿ ਮੈਂ ਵੀ ਕੋਈ ਪੁਰਾਣਾ ਵਿਦਿਆਰਥੀ ਹੀ ਹਾਂ। ਲਾਗਿਓਂ ਇੱਕ ਹੋਰ, ਹੁਣ ਸਿਆਣੀ ਉਮਰ ਵਿੱਚ, ਬਲਵਿੰਦਰ ਸਿੰਘ ਬੋਲਿਆ, “ਸਰ, ਮੈਂ ਤੁਹਾਡਾ ਸਭ ਤੋਂ ਮਨਭਾਉਂਦਾ ਵਿਦਿਆਰਥੀ ਹੁੰਦਾ ਸੀ। ਤੁਸੀਂ ਸਾਰੇ ਕੰਮ ਮੈਥੋਂ ਹੀ ਕਰਵਾਉਂਦੇ ਹੁੰਦੇ ਸੀ। ਬਲੈਕ ਬੋਰਡ ਸਾਫ਼ ਰੱਖਣਾ ਅਤੇ ਜੇ ਤੁਹਾਡੇ ਲਿਖਦਿਆਂ ਬੋਰਡ ਭਰ ਜਾਂਦਾ ਸੀ ਤਾਂ ਸਾਫ਼ ਕਰਨ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ। ਪੀਰਡ ਖ਼ਤਮ ਹੋਣ ’ਤੇ ਤੁਸੀਂ ਅਕਸਰ ਮੈਨੂੰ ਕਹਿੰਦੇ ਹੁੰਦੇ ਸੀ- ‘ਬਲਵਿੰਦਰ, ਹਨੂੰਮਾਨ ਨੂੰ ਸੱਦ ਕੇ ਲਿਆ’। ਏਹ ਪਰਵੀਨ ਕੁਮਾਰ ਪੁਰਾਣਾ ਹਨੂੰਮਾਨ ਹੀ ਹੈ, ਇਸ ਨੇ ਨਾਂ ਬਦਲ ਲਿਆ ਸੀ। ਇਹਦੇ ਸਿਰ ’ਤੇ ਆਪਣਾ ਪਿਆਰ ਭਰਿਆ ਹੱਥ ਫੇਰ ਕੇ ਤੁਸੀਂ ਆਪਣੇ ਚਾਕ ਨਾਲ ਚਿੱਟੇ ਹੋਏ ਹੱਥਾਂ ਦੀ ਖੁਸ਼ਕੀ ਦੂਰ ਕਰਦੇ ਹੁੰਦੇ ਸੀ; ਹਨੂੰਮਾਨ ਦਾ ਸਿਰ ਸਰੋਂ ਦੇ ਤੇਲ ਨਾਲ ਜੋ ਚੋਪੜਿਆ ਹੁੰਦਾ ਸੀ।”

ਹੁਣ ਹਨੂਮਾਨ ਨੂੰ ਵੀ ਸਭ ਯਾਦ ਆ ਗਿਆ, ਦੱਸਣ ਲੱਗਾ, “ਤੁਹਾਡੇ ਕੋਲ ਹਰੇ ਰੰਗ ਦਾ, ਖਾਸ ਵਲੈਤੀ ਸਾਈਕਲ ਹੁੰਦਾ ਸੀ, ਤੇ ਤੁਸੀਂ ਇਹਨੂੰ ਸਾਈਕਲ ਸਟੈਂਡ ’ਤੇ ਨਹੀਂ ਸੀ ਰੱਖਦੇ... ਕਿਤੇ ਕੋਈ ਝਰੀਟ ਨਾ ਪੈ ਜਾਵੇ, ਇਹਦਾ ਚੇਨ ਕਵਰ ਪੂਰਾ ਹੁੰਦਾ ਸੀ ਅਤੇ ਤੁਸੀਂ ਇਹਨੂੰ ਪੌੜੀਆਂ ਦੇ ਹੇਠਾਂ ਵਾਲੀ ਥਾਂ ’ਤੇ ਰੱਖਦੇ ਹੁੰਦੇ ਸੀ; ਮੈਂ ਹੀ ਸਾਈਕਲ ਸਾਫ਼ ਕਰਦਾ ਹੁੰਦਾ ਸੀ।”

ਇਹ ਗੱਲ ਸਾਰਿਆਂ ਨੂੰ ਅਚੰਭੇ ਵਾਲੀ ਲੱਗਦੀ ਸੀ ਕਿ ਮੈਂ ਤਾਂ ਭੌਤਿਕ ਵਿਗਿਆਨ ਪੜ੍ਹਾਉਂਦਾ ਸੀ, ਫਿਰ ਕਾਲਜ ਵਿੱਚ ਅੰਗਰੇਜ਼ੀ ਦਾ ਪ੍ਰੋਫੈਸਰ ਕਿਸ ਤਰ੍ਹਾਂ ਬਣ ਗਿਆ!... ਜਦੋਂ ਮੈਂ ਕਾਲਜ ਪੜ੍ਹਦਾ ਸੀ, ਹਿਸਾਬ ਦੇ ਪ੍ਰੋਫੈਸਰ ਨੇ ਤਿਮਾਹੀ ਇਮਤਿਹਾਨ ਵਿੱਚ ਮੇਰੇ ਤਿੰਨ ਨੰਬਰ ਕੱਟੇ ਸਨ ਅਤੇ ਸਾਰੀ ਕਲਾਸ ਨੂੰ ਖ਼ਬਰਦਾਰ ਕੀਤਾ ਸੀ ਕਿ ਇਸ ਦੇ ਨੰਬਰ ਕਿਉਂ ਕੱਟੇ ਹਨ। ਗੱਲ ਇਹ ਸੀ ਕਿ ਹਿਸਾਬ ਦੇ ਪਰਚੇ ਵਿੱਚ ਮੈਂ ਅੰਗਰੇਜ਼ੀ ਦੇ ਸ਼ਬਦ Falls ਨੂੰ False ਲਿਖਿਆ ਸੀ। ਪ੍ਰੋਫੈਸਰ ਗੁਰਚਰਨ ਸਿੰਘ ਦੁਸਾਂਝ ਦੇ ਲਫ਼ਜ਼ ਸਨ, “ਹੁਣ ਇਹ ਲਫ਼ਜ਼ ਤੈਨੂੰ ਸਾਰੀ ਉਮਰ ਯਾਦ ਰਹੇਗਾ।” ਵੈਸੇ ਮੈਂ ਅੰਗਰੇਜ਼ੀ ਵਿੱਚ ਚੰਗੇ ਨੰਬਰ ਹੀ ਲੈਂਦਾ ਸਾਂ ਪਰ ਉਸ ਘਟਨਾ ਬਾਅਦ ਮੈਂ ਭਾਸ਼ਾ ਬਾਰੇ ਬਹੁਤ ਸੁਚੇਤ ਹੋ ਗਿਆ; ਤੇ ਜਦੋਂ ਪ੍ਰਾਈਵੇਟ ਤੌਰ ’ਤੇ ਕੋਈ ਐੱਮਏ ਕਰਨ ਦਾ ਮੌਕਾ ਬਣਿਆ ਤਾਂ ਅੰਗਰੇਜ਼ੀ ਨੂੰ ਹੀ ਚੁਣਿਆ ਅਤੇ ਕਾਲਜ ’ਚ ਪ੍ਰੋਫੈਸਰ ਲੱਗਣ ਦਾ ਸਬੱਬ ਬਣ ਗਿਆ।

ਉੱਘੇ ਲੇਖਕ ਅਤੇ ਪੱਤਰਕਾਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅਭੁੱਲ ਯਾਦ ਸਾਂਝੀ ਕਰਦਿਆਂ ਦੱਸਿਆ ਕਿ 1962 ਵਿੱਚ ਬੜੀ ਚਰਚਿਤ ਅਫ਼ਵਾਹ ਸੀ ਕਿ ਫ਼ਰਵਰੀ ਮਹੀਨੇ ਦੁਨੀਆ ਬਰਬਾਦ ਹੋ ਜਾਣੀ ਹੈ, ਕਿਆਮਤ ਆ ਰਹੀ ਹੈ, ਧਰਤੀ ਤੋਂ ਇਲਾਵਾ ਹੋਰ ਅੱਠ ਦੇ ਅੱਠ ਗ੍ਰਹਿ ‘ਅਸ਼ਟ ਗ੍ਰਹਿ’ ਭਾਰੂ ਹੋ ਜਾਣਗੇ (ਉਦੋਂ ਪਲੂਟੋ ਨੂੰ ਵੀ ਗ੍ਰਹਿ ਮੰਨਿਆ ਜਾਂਦਾ ਸੀ)। ਗੁਮਟਾਲਾ ਨੇ ਯਾਦ ਕੀਤਾ- ਮਾਪੇ ਪੁੱਛਦੇ ਸਨ ਕਿ ‘ਤੁਹਾਡਾ ਮਾਸ਼ਟਰ ਕੀ ਕਹਿੰਦਾ?’... ਤੇ ਤੁਸੀਂ ਸਾਰੀਆਂ ਜਮਾਤਾਂ ਨੂੰ ਦੱਸਦੇ ਸੀ ਕਿ ਹੋਣਾ ਕੁਝ ਨਹੀਂ, ਸਾਰੇ ਗ੍ਰਹਿ ਆਪੋ-ਆਪਣੇ ਪੁਲਾੜ ਪਥ ’ਤੇ ਇਸੇ ਤਰ੍ਹਾਂ ਚੱਲਦੇ ਆਏ ਹਨ, ਤੁਸੀਂ ਇਸ ਗੱਲ ’ਤੇ ਜ਼ੋਰ ਦਿੰਦੇ ਸੀ ਕਿ ਇਹ ਗ੍ਰਹਿ ਧਰਤੀ ਤੋਂ ਅਰਬਾਂ ਖਰਬਾਂ ਮੀਲ ਦੂਰ ਹਨ ਅਤੇ ਇਨ੍ਹਾਂ ਦਾ ਸਾਡੇ ਜੀਵਨ ’ਤੇ ਕੋਈ ਪ੍ਰਭਾਵ ਨਹੀਂ ਬਲਕਿ ਤਾਰਾ ਵਿਗਿਆਨੀ ਤਾਂ ਇਹੋ ਜਿਹੇ ਅਲੋਕਾਰ ਸਮਿਆਂ ਦੀ ਉਡੀਕ ਵਿੱਚ ਰਹਿੰਦੇ ਹਨ।”

ਮੈਨੂੰ ਵੀ ਯਾਦ ਆਇਆ ਕਿ ਸਕੂਲ ਦੀ ਫਿਜ਼ਿਕਸ ਲੈਬ ਵਿੱਚ ਵੱਡੀ ਸਾਰੀ ਐਪੀਡਾਇਸਕੋਪ (ਇੱਕ ਕਿਸਮ ਦਾ ਪ੍ਰਾਜੈਕਟਰ ਕਹਿ ਲਵੋ) ਹੁੰਦੀ ਸੀ ਤੇ ਮੇਰੇ ਪਾਸ ਖਾਸ ਸਲਾਈਡ ਹੁੰਦੀ ਸੀ ਜਿਸ ਨਾਲ ਇੱਕੇ ਵੇਲੇ ਆਪੋ-ਆਪਣੇ ਗ੍ਰਹਿ ਪਥ ਵਿੱਚ ਘੁੰਮਦੇ ਗ੍ਰਹਿ ਦਿਖਾਏ ਜਾ ਸਕਦੇ ਸਨ; ਇਹ ਵੀ ਕਿ ਘੁੰਮਦੇ-ਘੁੰਮਦੇ ਇਹ ਗ੍ਰਹਿ ਇਕੱਠੇ ਇੱਕੋ ਰੇਖਾ ਵਿੱਚ ਦਿਸਦੇ ਹਨ ਤੇ ਫਿਰ ਨਿੱਖੜ ਜਾਂਦੇ ਹਨ।

ਅੱਜ ਕੱਲ੍ਹ ਦੇ ਪ੍ਰਸੰਗ ਵਿੱਚ ਅਸੀਂ ‘ਸਪਤ ਗ੍ਰਹਿ’ ਦਾ ਸਮਾਂ ਦੇਖਿਆ ਹੈ ਅਤੇ ਤਿੰਨ ਚਾਰ ਗ੍ਰਹਿ ਤਾਂ ਸ਼ਾਮੀਂ ਅਜੇ ਵੀ ਦੇਖੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ, ਆਕਾਸ਼ ਵਿੱਚ ਸੁਸ਼ੋਭਿਤ ਇਹ ਨੁਮਾਇਸ਼ ਦੇਖਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ। ਜਵਾਨ ਤਬਕੇ ਵਿੱਚ ਵੀ ਨਹੀਂ ਤੇ ਨਾ ਹੀ ਸਕੂਲਾਂ/ਕਾਲਜਾਂ ਵਿੱਚ ਇਸ ਪਾਸੇ ਦਿਲਚਸਪੀ ਹੈ ਬਲਕਿ ਜਿਸ ਅੰਧਵਿਸ਼ਵਾਸ ਨਾਲ ਹਰ ਬਾਰਾਂ ਸਾਲ ਬਾਅਦ ਆਉਣ ਵਾਲਾ ਕੁੰਭ ਐਤਕੀਂ ਮਨਾਇਆ ਅਤੇ ਕਰੋੜਾਂ ਦੇ ਇਕੱਠ ਕਾਰਨ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਹ ਬਿਆਨ ਤੋਂ ਬਾਹਰ ਹੈ। ਇੰਨੇ ਵੱਡੇ ਕਰੋੜਾਂ ਦੇ ਇਕੱਠ ’ਚ ਭਗਦੜ ਦੀ ਕੋਈ ਘਟਨਾ ਨਾ ਹੋਵੇ, ਨਾਮੁਮਕਿਨ ਹੈ ਬਲਕਿ ਇਸ ਮਹਾਂ ਕੁੰਭ ਕਾਰਨ ਪੂਰਾ ਪ੍ਰਯਾਗਰਾਜ ਅਤੇ ਆਲੇ-ਦੁਆਲੇ ਸੈਂਕੜੇ ਕਿਲੋਮੀਟਰ ਤੱਕ ਸੜਕੀ ਜਾਮ ਲੱਗੇ ਰਹੇ। ਹੋਰ ਤਾਂ ਹੋਰ, ਦਿੱਲੀ ਰੇਲਵੇ ਪਲੈਟਫਾਰਮ ’ਤੇ ਵੀ ਕੁੰਭ ਇਸ਼ਨਾਨ ਲਈ ਜਾ ਰਹੇ ਯਾਤਰੀਆਂ ਦੀ ਭਗਦੜ ਵਿੱਚ ਕਈ ਜਾਨਾਂ ਚਲੀਆਂ ਗਈਆਂ। ਚਾਰੇ ਪਾਸੇ ਨਾਕਸ ਪ੍ਰਬੰਧ ਕਾਰਨ ਰੇਲਵੇ ਨੂੰ ਦੋਸ਼ੀ ਦੱਸਿਆ ਗਿਆ।

ਮਨ ਅੰਦਰ ਕਈ ਪ੍ਰਸ਼ਨ ਗੇੜੇ ਲਾ ਰਹੇ ਹਨ। ਕੀ ਸ਼ਨੀ ਗ੍ਰਹਿ ਦਾ ਪ੍ਰਭਾਵ ਦੁਨੀਆ ਦੇ ਹੋਰ ਮੁਲਕਾਂ ’ਤੇ ਨਹੀਂ ਪੈਂਦਾ? ਕੀ ਕੋਈ ਵੀ ਮੁਲਕ ਪੈਂਹਠ ਕਰੋੜ ਗਰੀਬ ਤੇ ਅਨਪੜ੍ਹ ਜਨਤਾ ਦੇ ਹਜੂਮ ਨੂੰ ਪੂਰੀ ਕਾਰਜ ਕੁਸ਼ਲਤਾ ਨਾਲ ਸਾਂਭ ਸਕਦਾ ਹੈ? ਇੰਨੇ ਵੱਡੇ ਹਜੂਮ ਨੇ ਖਾਣਾ ਕੀ ਹੈ, ਰਹਿਣਾ ਕਿੱਥੇ ਹੈ, ਸੌਣਾ ਕਿੱਥੇ ਹੈ, ਮਲ ਤਿਆਗ ਦਾ ਕੀ ਪ੍ਰਬੰਧ ਹੋਵੇ? ਕਿਤੇ ਇਸ ਹਜੂਮ ਦੇ ਆਰਥਿਕ ਲਾਭ ਤਾਂ ਨਹੀਂ ਉਠਾਏ ਗਏ? ਕੀ ਇਸ ਹਜੂਮ ਨੂੰ ਸੀਮਤ ਕੀਤਾ ਜਾ ਸਕਦਾ ਸੀ? ਠੰਢੇ ਤੇ ਪ੍ਰਦੂਸ਼ਿਤ ਪਾਣੀ ਵਿੱਚ ਪੰਜ-ਪੰਜ ਡੁਬਕੀਆਂ ਲਾਉਂਦੇ ਲੀਡਰ ਕੀ ਪ੍ਰਭਾਵ ਦਿੰਦੇ ਹਨ? ਕਹਿਣ ਨੂੰ ਤਾਂ ਸਾਡਾ ਮੁਲਕ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ ਪਰ ਕਿਤੇ ਇਹ ਵਿਸ਼ਵ ਅੰਧਵਿਸ਼ਵਾਸੀ ਬਣਨ ਦੀ ਦੌੜ ਵਿੱਚ ਤਾਂ ਨਹੀਂ?

ਸੰਪਰਕ: 80545-97595

Advertisement
Author Image

Jasvir Samar

View all posts

Advertisement