ਪ੍ਰਯਾਗਰਾਜ ’ਚ ਕਿਸਾਨਾਂ ਦੀ ਮੀਟਿੰਗ 8 ਨੂੰ
ਪ੍ਰਯਾਗਰਾਜ (ਯੂਪੀ), 13 ਅਪਰੈਲ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਜ਼ਮੀਨ ਐਕੁਆਇਰ ਕਰਨ ’ਚ ਕਥਿਤ ਬੇਨਿਯਮੀਆਂ ਦੇ ਮੁੱਦੇ ਸਬੰਧੀ ਪ੍ਰਯਾਗਰਾਜ ਵਿੱਚ 8 ਮਈ ਨੂੰ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ਐਕੁਆਇਰ ਕਰਨਾ ਇਸ ਮੁਲਕ ’ਚ ਬਹੁਤ ਵੱਡਾ ਮਸਲਾ ਹੈ। ਉਨ੍ਹਾਂ ਦੋਸ਼ ਲਾਇਆ,‘ਭੂਮੀ, ਜ਼ਮੀਨ ਐਕੁਆਇਰ ਕਰਨ ਦੇ ਨਾਂ ਹੇਠ ਖੋਹੀ ਜਾ ਰਹੀ ਹੈ। ਤਹਿਸੀਲਾਂ ’ਚ ਇੱਕ ਸਾਜ਼ਿਸ਼ ਤਹਿਤ ਜ਼ਮੀਨਾਂ ਦੀ ਵੱਖ-ਵੱਖ ਲੋਕਾਂ ਦੇ ਨਾਂ ਹੇਠ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਕਿ ਉਹ ਇੱਕ-ਦੂਜੇ ਨਾਲ ਹੀ ਲੜਦੇ ਰਹਿਣ।’
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਜਦੋਂ ਕਿਸਾਨ ਜ਼ਮੀਨ ਦੀ ਮਿਣਤੀ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ,‘ਜੇਕਰ ਇੱਕ ਕਾਰੋਬਾਰੀ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਅਪਲਾਈ ਕਰਦਾ ਹੈ ਤਾਂ ਉਸਦਾ ਕੰਮ ਝਟ ਹੋ ਜਾਂਦਾ ਹੈ। ਪ੍ਰਯਾਗਰਾਜ ਵਿੱਚ ਵੀ ਵੱਡੇ ਅੰਦੋਲਨ ਦੀ ਲੋੜ ਹੈ।’
ਪ੍ਰਯਾਗਰਾਜ ਜ਼ਿਲ੍ਹੇ ਦੇ ਖਰਚਾਨਾ ਪੁਲੀਸ ਸਟੇਸ਼ਨ ਇਲਾਕੇ ਵਿੱਚ ਇੱਕ ਦਲਿਤ ਵਿਅਕਤੀ ਦੇ ਕਤਲ ਸਬੰਧੀ ਮਾਮਲੇ ਬਾਰੇ ਪੁੱਛੇ ਜਾਣ ’ਤੇ ਸ੍ਰੀ ਟਿਕੈਤ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਫੇਲ੍ਹ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਫਤਹਿਪੁਰ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। -ਪੀਟੀਆਈ