ਪ੍ਰਧਾਨ ਮੰਤਰੀ ਦੇ ਸਵਾਗਤ ਲਈ ਥਾਂ-ਥਾਂ ਫਲੈਕਸ ਲਾਏ
ਦਵਿੰਦਰ ਸਿੰਘ
ਯਮੁਨਾਨਗਰ, 13 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪਰੈਲ ਨੂੰ ਡਾ. ਅੰਬੇਡਕਰ ਜੈਅਤੀ ਦੇ ਮੌਕੇ ’ਤੇ ਯਮੁਨਾਨਗਰ ਦੇ ਪਿੰਡ ਕੈਲ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ । ਇਸ ਦੀਆਂ ਤਿਆਰੀਆਂ ਪਿਛਲੇ ਹਫ਼ਤੇ ਤੋਂ ਚੱਲ ਰਹੀਆਂ ਸਨ । ਪ੍ਰਧਾਨ ਮੰਤਰੀ ਦੇ ਆਉਣ ਲਈ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ, ਪੁਲੀਸ ਅਤੇ ਹੋਰ ਏਜੰਸੀਆਂ ਦੇ ਅਧਿਕਾਰੀ ਹਰ ਕੋਨੇ ’ਤੇ ਤਾਇਨਾਤ ਹਨ। ਹਰਿਆਣਾ ਦੇ 10 ਜ਼ਿਲ੍ਹਿਆਂ ਤੋਂ ਪੁਲੀਸ ਸੁਪਰਡੈਂਟ ਅਤੇ 29 ਡੀਐੱਸਪੀ ਅਤੇ ਲਗਪਗ 3500 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਰੈਲੀ ਸਥਾਨ ’ਤੇ 2000 ਬੱਸਾਂ ਅਤੇ 5000 ਵਾਹਨਾਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰੇ ਇਲਾਕੇ ਨੂੰ 12 ਸੈਕਟਰਾਂ ਅਤੇ 10 ਸਬ-ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਉੱਥੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ। ਪੰਡਾਲ ਵਿੱਚ ਦਾਖਲੇ ਲਈ 75 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ।15 ਸਿਹਤ ਕੈਂਪ ਲਗਾਏ ਗਏ ਹਨ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸਾਰੇ ਚੌਕਾਂ ਨੂੰ ਵਿਸ਼ੇਸ਼ ਤੌਰ ‘ਤੇ ਗੇਟਾਂ ਨਾਲ ਸਜਾਇਆ ਗਿਆ ਹੈ। ਇਸ ਸਮੇਂ ਦੌਰਾਨ, ਕਈ ਸੜਕਾਂ ਦੇ ਰੂਟ ਬਦਲ ਦਿੱਤੇ ਗਏ ਹਨ। ਡੀਸ ਪਾਰਥ ਗੁਪਤਾ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ । 40 ਏਕੜ ਜ਼ਮੀਨ ’ਤੇ ਪੰਡਾਲ ਅਤੇ ਸਟੇਜ ਬਣਾਈ ਗਈ ਹੈ, ਜਦੋਂ ਕਿ ਪਾਰਕਿੰਗ ਲਈ ਲਗਪਗ 90 ਏਕੜ ਜ਼ਮੀਨ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ 176 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਦੇ ਬਦਲੇ ਕਿਸਾਨਾਂ ਦੇ ਖਾਤੇ ਵਿੱਚ 1 ਕਰੋੜ 1 ਲੱਖ ਰੁਪਏ ਦਾ ਮੁਆਵਜ਼ਾ ਜਮ੍ਹਾਂ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਲਗਪਗ 8000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਥਰਮਲ ਯੂਨਿਟ ਦਾ ਨੀਂਹ ਪੱਥਰ ਰੱਖਣਗੇ । ਉਹ 100 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਬਾਇਓਗੈਸ ਪਲਾਂਟ ਦਾ ਉਦਘਾਟਨ ਵੀ ਕਰਨਗੇ।