For the best experience, open
https://m.punjabitribuneonline.com
on your mobile browser.
Advertisement

ਪ੍ਰਦੂਸ਼ਣ ਖਿਲਾਫ਼ ਲੜਾਈ: ਧਰਤੀ ਦੀ ਰਾਖੀ ਕਰੀਏ

04:11 AM Apr 26, 2025 IST
ਪ੍ਰਦੂਸ਼ਣ ਖਿਲਾਫ਼ ਲੜਾਈ  ਧਰਤੀ ਦੀ ਰਾਖੀ ਕਰੀਏ
Advertisement
ਡਾ. ਰਣਜੀਤ ਸਿੰਘ
Advertisement

ਹੁਣ ਤੱਕ ਪ੍ਰਾਪਤ ਵਿਗਿਆਨਕ ਜਾਣਕਾਰੀ ਅਨੁਸਾਰ, ਜੀਵਨ ਕੇਵਲ ਧਰਤੀ ਨਾਮੀ ਗ੍ਰਹਿ ਉੱਤੇ ਹੀ ਧੜਕਦਾ ਹੈ। ਜੀਵਨ ਦੀ ਧੜਕਣ ਲਈ ਧਰਤੀ ਅਤੇ ਪਾਣੀ ਦਾ ਮਿਲਾਪ ਜ਼ਰੂਰੀ ਹੈ। ਇਨ੍ਹਾਂ ਤੋਂ ਬਗੈਰ ਜੀਵਨ ਹੋ ਨਹੀਂ ਸਕਦਾ। ਇਸੇ ਕਰ ਕੇ ਮਹਾਨ ਇਨਕਲਾਬੀ ਪੈਗੰਬਰ ਗੁਰੂ ਨਾਨਕ ਜੀ ਨੇ ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਆਖਿਆ। ਹੁਣ ਤੋਂ ਕੋਈ ਅੱਧੀ ਸਦੀ ਪਹਿਲਾਂ ਤੱਕ ਪਾਣੀ ਅਤੇ ਧਰਤੀ ਨੂੰ ਦੇਵਤੇ ਆਖ ਪੂਜਾ ਕੀਤੀ ਜਾਂਦੀ ਸੀ। ਇਨ੍ਹਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਪੂਰਾ ਯਤਨ ਕੀਤਾ ਜਾਂਦਾ ਸੀ। ਆਪਣੀ ਜਨਮਭੂਮੀ ਨਾਲ ਅੰਤਾਂ ਦਾ ਪਿਆਰ ਕੀਤਾ ਜਾਂਦਾ ਸੀ। ਆਪਣੀ ਜਨਮਭੂਮੀ ਦੀ ਮਿੱਟੀ ਨੂੰ ਸਤਿਕਾਰ ਵਜੋਂ ਮੱਥੇ ਉੱਤੇ ਲਗਾਇਆ ਜਾਂਦਾ ਸੀ। ਆਪਣੀ ਜਨਮਭੂਮੀ ਦੀ ਮਿੱਟੀ ਦੀ ਤੜਫ ਦੀ ਮਿਸਾਲ 1947 ਵਿੱਚ ਪੰਜਾਬ ਦੀ ਹੋਈ ਵੰਡ ਪਿੱਛੋਂ ਮਿਲਦੀ ਹੈ। ਜਿਹੜੇ ਵੀ ਲੋਕ ਆਪਣੇ ਘਰ-ਬਾਰ ਛੱਡ ਉਧਰੋਂ ਇਧਰ ਆਏ ਅਤੇ ਇਧਰੋਂ ਉਧਰ ਗਏ, ਉਹ ਹਮੇਸ਼ਾ ਇਸ ਮਿੱਟੀ ਲਈ ਤਰਸਦੇ ਰਹੇ ਹਨ। ਜਦੋਂ ਕੋਈ ਇਧਰੋਂ ਉਧਰ ਤੇ ਉਧਰੋਂ ਇਧਰ ਆਉਂਦਾ ਸੀ ਤਾਂ ਉਸ ਤੋਂ ਇਹੋ ਫਰਮਾਇਸ਼ ਕੀਤੀ ਜਾਂਦੀ ਰਹੀ ਹੈ ਕਿ ਇਕ ਮੁੱਠੀ ਮੇਰੇ ਪਿੰਡ ਦੀ ਮਿੱਟੀ ਲੈਂਦੇ ਆਉਣਾ। ਪਰਦੇਸਾਂ ਵਿੱਚ ਰਹਿੰਦੇ ਬੱਚਿਆਂ ਕੋਲ ਜਿਹੜੇ ਬਜ਼ੁਰਗ ਜਾਂਦੇ ਹਨ, ਉਹ ਹਮੇਸ਼ਾ ਆਪਣੀ ਜਨਮਭੂਮੀ ਨੂੰ ਪ੍ਰਣਾਮ ਕਰਨ ਲਈ ਤਰਸਦੇ ਰਹਿੰਦੇ ਹਨ।

Advertisement
Advertisement

ਵਿਗਿਆਨਕ ਵਿਕਾਸ ਅਤੇ ਆਧੁਨਿਕਤਾ ਦੇ ਪ੍ਰਭਾਵ ਨੇ ਨਵੀਂ ਪੀੜ੍ਹੀ ਵਿੱਚੋਂ ਪਾਣੀ ਅਤੇ ਧਰਤੀ ਦਾ ਸਤਿਕਾਰ ਖਤਮ ਕਰ ਦਿੱਤਾ ਹੈ। ਉਨ੍ਹਾਂ ਲਈ ਇਹ ਦੋਵੇਂ ਵਰਤੋਂ ਦੀ ਸ਼ੈਅ ਹਨ। ਗਿਆਨ ਵਿੱਚ ਹੋਏ ਵਾਧੇ ਨਾਲ ਨਵੀਂ ਪੀੜ੍ਹੀ ਨੂੰ ਪਾਣੀ ਅਤੇ ਧਰਤੀ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦਾ ਵਧੇਰੇ ਅਹਿਸਾਸ ਹੋਣਾ ਚਾਹੀਦਾ ਸੀ ਪਰ ਬਦਕਿਸਮਤੀ ਨਾਲ ਹੋ ਇਸ ਦੇ ਉਲਟ ਰਿਹਾ ਹੈ। ਇਕੀਵੀਂ ਸਦੀ ਜਿਸ ਨੂੰ ਅਸੀਂ ਗਿਆਨ ਅਤੇ ਵਿਗਿਆਨ ਦੀ ਸਦੀ ਆਖਦੇ ਹਾਂ, ਵਿੱਚ ਅਸੀਂ ਆਪਣੀ ਧਰਤੀ ਅਤੇ ਪਾਣੀ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਕੋਈ ਅੱਧੀ ਸਦੀ ਪਹਿਲਾਂ ਧਰਤੀ ਇਤਨੀ ਪਵਿੱਤਰ ਹੁੰਦੀ ਸੀ ਕਿ ਜੇਕਰ ਹਲ ਵਾਹੁੰਦੇ ਹਾਲੀ ਦੇ ਫ਼ਾਲਾ ਲੱਗ ਜਾਣਾ, ਕਹੀ ਚਲਾਉਂਦਿਆਂ ਕਹੀ ਲੱਗ ਜਾਣੀ ਜਾਂ ਗੋਡੀ ਕਰਦਿਆਂ ਖੁਰਪੇ ਨਾਲ ਫਟ ਲੱਗ ਜਾਣਾ ਤਾਂ ਝਟਪਟ ਉਥੇ ਹੀ ਖੇਤ ਦੀ ਮਿੱਟੀ ਉਸ ਉੱਤੇ ਪਾ ਦਿੱਤੀ ਜਾਂਦੀ ਸੀ। ਇਸ ਨਾਲ ਕੇਵਲ ਲਹੂ ਵਗਣਾ ਹੀ ਬੰਦ ਨਹੀਂ ਸੀ ਹੁੰਦਾ ਸਗੋਂ ਜ਼ਖਮ ਵੀ ਆਪੇ ਭਰ ਜਾਂਦਾ ਸੀ। ਨਦੀਆਂ ਦਾ ਪਾਣੀ ਪਵਿੱਤਰ ਹੁੰਦਾ ਸੀ। ਹੁਣ ਜੇਕਰ ਕਿਸੇ ਜ਼ਖ਼ਮ ਉੱਤੇ ਮਿੱਟੀ ਲੱਗ ਜਾਵੇ ਤਾਂ ਫਟਾਫਟ ਟੈਟਨਸ ਦਾ ਟੀਕਾ ਲਗਾਇਆ ਜਾਂਦਾ ਹੈ ਤਾਂ ਜੋ ਜ਼ਖ਼ਮ ਦਾ ਜ਼ਹਿਰ ਸਾਰੇ ਸਰੀਰ ਵਿੱਚ ਨਾ ਫੈਲ ਜਾਵੇ। ਪੰਜਾਬ ਜਿਸ ਦਾ ਨਾਮ ਹੀ ਪਾਣੀਆਂ ਉੱਤੇ ਰੱਖਿਆ ਗਿਆ ਹੈ ਅਤੇ ਇਸ ਦੇ ਪਾਣੀ ਨੂੰ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ, ਉਥੇ ਹੀ ਸਭ ਤੋਂ ਵੱਧ ਬੋਤਲ ਬੰਦ ਪਾਣੀ ਦੀ ਵਰਤੋਂ ਹੁੰਦੀ ਹੈ। ਅਸੀਂ ਆਪਣੇ ਲੱਛਣਾਂ ਨਾਲ ਆਪਣੀ ਮਿੱਟੀ, ਧਰਤੀ ਉਤਲੇ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ ਜਿਸ ਦੀ ਸਜ਼ਾ ਕੇਵਲ ਇਨਸਾਨ ਨੂੰ ਹੀ ਨਹੀਂ ਸਗੋਂ ਸਾਰੇ ਜੀਵ ਜੰਤੂਆਂ ਨੂੰ ਭੁਗਤਣੀ ਪੈ ਰਹੀ ਹੈ। ਹਾਨੀਕਾਰਕ ਕੀੜੇ ਖਾਣ ਵਾਲੀਆਂ ਚਿੜੀਆਂ ਲੋਪ ਹੋ ਗਈਆਂ ਹਨ ਅਤੇ ਮੁਰਦਾਰ ਖਾਣ ਵਾਲੀਆਂ ਗਿਰਝਾਂ ਕਦੇ ਕਦਾਈਂ ਹੀ ਨਜ਼ਰ ਆਉਂਦੀਆਂ ਹਨ। ਇਸ ਦਾ ਮੁੱਖ ਕਾਰਨ ਮਨੁੱਖਾਂ ਵਿੱਚ ਵੱਡੀ ਹਿਰਸ ਅਤੇ ਲਾਲਚ ਹੈ। ਕੁਦਰਤ ਕੋਲ ਸਾਰੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਹੈ, ਜਾਂ ਇੰਝ ਆਖ ਲਈਏ ਕਿ ਸਾਰੇ ਸਾਧਨ ਮੌਜੂਦ ਹਨ ਪਰ ਮਨੁੱਖੀ ਲਾਲਚ ਦੀ ਪੂਰਤੀ ਨੇ ਸਾਰਾ ਕੁਝ ਡਾਵਾਂਡੋਲ ਕਰ ਦਿੱਤਾ ਹੈ। ਸੰਸਾਰ ਦੀ ਘੱਟੋ-ਘੱਟ ਅੱਧੀ ਵਸੋਂ ਨੂੰ ਸੰਤੁਲਿਤ ਖੁਰਾਕ ਅਤੇ ਪੀਣ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ।

ਧਰਤੀ, ਪਾਣੀ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਦੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਹੀ ਹੈ। ਇਸੇ ਕਰ ਕੇ ਹਰ ਸਾਲ ਸਾਰੀ ਦੁਨੀਆ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਆਰੰਭ ਪਹਿਲੀ ਵਾਰ 22 ਅਪਰੈਲ 1970 ਨੂੰ ਅਮਰੀਕਾ ਵਿੱਚ ਸੈਨੇਟਰ ਗੇਲੋਰਡ ਨੈਲਸਨ ਨੇ ਕੀਤੀ ਸੀ। ਇਸ ਦਿਵਸ ਦਾ ਇਸ ਵਾਰ ਦਾ ਸੰਦੇਸ਼ ਸੀ- ‘ਸਾਡੀ ਸ਼ਕਤੀ ਸਾਡਾ ਗ੍ਰਹਿ’। ਇਸ ਦਿਨ ਸਾਰੇ ਸੰਸਾਰ ਵਿੱਚ ਸਰਕਾਰਾਂ ਅਤੇ ਲੋਕਾਂ ਨੂੰ ਆਪਣੀ ਜਿ਼ੰਮੇਵਾਰੀ ਬਾਰੇ ਸੁਚੇਤ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਆਪਣੇ ਗ੍ਰਹਿ ਨੂੰ ਸੰਭਾਲ ਸਕੀਏ। ਸਾਡੇ ਦੇਸ਼ ਦੀ ਗਿਣਤੀ ਵੀ ਉਨ੍ਹਾਂ ਦੇਸ਼ਾਂ ਵਿੱਚ ਹੁੰਦੀ ਹੈ ਜਿਥੋਂ ਦੀ ਧਰਤੀ, ਪਾਣੀ ਅਤੇ ਵਾਤਾਵਰਨ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਭਾਰਤ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਪੰਜਾਬ ਵੀ ਇਸ ਦੀ ਲਪੇਟ ਵਿੱਚ ਆ ਗਿਆ ਹੈ। ਨਵੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪੰਜਾਬ ਦਾ ਪਾਣੀ ਵੀ ਗੰਧਲਾ ਹੋ ਗਿਆ ਤੇ ਉਸ ਵਿੱਚ ਧਾਤਾਂ ਦੀ ਮੌਜੂਦਗੀ ਲੋੜ ਤੋਂ ਕਿਤੇ ਵਧ ਗਈ ਹੈ। ਪੰਜਾਬੀਆਂ ਦੀ ਆਦਤ ਆਪਣੇ ਅੰਦਰ ਝਾਤੀ ਮਾਰਨ ਦੀ ਨਹੀਂ ਹੈ ਸਗੋਂ ਸਾਰਾ ਦੋਸ਼ ਦੂਜਿਆਂ ਸਿਰ ਮੜ੍ਹ ਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਜਾਂਦਾ ਹੈ। ਪੰਜਾਬ ਦੇ ਅਖੌਤੀ ਬੁੱਧੀਜੀਵੀ ਅਤੇ ਚਿੰਤਕ ਸਾਰਾ ਦੋਸ਼ ਕਿਸਾਨਾਂ ਅਤੇ ਹਰੇ ਇਨਕਲਾਬ ਸਿਰ ਮੜ੍ਹ ਕੇ ਅਸਲੀ ਕਾਰਨਾਂ ਨੂੰ ਅੱਖੋਂ ਉਹਲੇ ਕਰ ਰਹੇ ਹਨ। ਇਸੇ ਕਰ ਕੇ ਇਹ ਸਮੱਸਿਆ ਹੱਲ ਹੋਣ ਦੀ ਥਾਂ ਹੋਰ ਗੰਭੀਰ ਹੋ ਰਹੀ ਹੈ। ਕਿਸਾਨ ਜਿਸ ਨੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ, ਉਸ ਦਾ ਅਹਿਸਾਨਮੰਦ ਹੋਣ ਦੀ ਥਾਂ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੇ ਹਰਾ ਇਨਕਲਾਬ ਨਾ ਸਿਰਜਿਆ ਜਾਂਦਾ ਤਾਂ ਭੁੱਖਮਰੀ ਨਾਲ ਸਾਰੇ ਦੇਸ਼ ਦਾ ਬੁਰਾ ਹਾਲ ਹੋ ਜਾਣਾ ਸੀ। ਦੁਨੀਆ ਦੀ ਮਹਾਂ ਸ਼ਕਤੀ ਬਣਨ ਦਾ ਸੁਫਨਾ ਤਾਂ ਦੂਰ, ਦੇਸ਼ ਦੀ ਹੋਂਦ ਨੂੰ ਬਚਾਉਣਾ ਵੀ ਔਖਾ ਹੋ ਜਾਣਾ ਸੀ।

ਹੁਣ ਕਿਸਾਨਾਂ ਸਿਰ ਲੱਗੇ ਦੋਸ਼ਾਂ ਵੱਲ ਝਾਤ ਮਾਰੀਏ। ਆਖਿਆ ਜਾਂਦਾ ਹੈ ਕਿ ਉਸ ਦੀਆਂ ਰੇਹਾਂ ਅਤੇ ਸਪਰੇਆਂ ਕਾਰਨ ਹੀ ਇਹ ਸਭ ਕੁਝ ਹੋਇਆ ਹੈ। ਸਿੰਹਾਈ ਸਹੂਲਤਾਂ ਵਿੱਚ ਵਾਧੇ ਨਾਲ ਹੁਣ ਪੰਜਾਬ ਦੀ ਸਾਰੀ ਧਰਤੀ ਵਾਹੀ ਹੇਠ ਆ ਗਈ ਹੈ ਅਤੇ ਸਾਲ ਵਿੱਚ ਘੱਟੋ-ਘੱਟ ਦੋ ਫ਼ਸਲਾਂ ਜ਼ਰੂਰ ਲਈਆਂ ਜਾਂਦੀਆਂ ਹਨ। ਇਸੇ ਕਰ ਕੇ ਪ੍ਰਤੀ ਏਕੜ ਪ੍ਰਤੀ ਸਾਲ ਪੰਜਾਬ ਦੀ ਉਪਜ ਸਾਰੀ ਦੁਨੀਆ ਨਾਲੋਂ ਵੱਧ ਹੈ। ਜਦੋਂ ਸਿੰਜਾਈ ਸਹੂਲਤਾਂ ਸੀਮਤ ਸਨ ਤਾਂ ਮਸਾਂ ਅੱਧੀ ਧਰਤੀ ਵਿੱਚ ਖੇਤੀ ਹੁੰਦੀ ਸੀ। ਸਾਉਣੀ ਵਿੱਚ ਤਾਂ ਇਕ ਚੌਥਾਈ ਧਰਤੀ ਉੱਤੇ ਫ਼ਸਲ ਬੀਜੀ ਜਾਂਦੀ ਸੀ। ਖੇਤੀ ਡੰਗਰਾਂ ਨਾਲ ਹੁੰਦੀ ਸੀ। ਹਰੇਕ ਕਿਸਾਨ ਕੋਲ 8-10 ਪਸ਼ੂ ਹੁੰਦੇ ਸਨ। ਧਰਤੀ ਦੀ ਖੁਰਾਕੀ ਭੁੱਖ ਇਤਨੀ ਰੂੜੀ ਨਾਲ ਪੂਰੀ ਹੋ ਜਾਂਦੀ ਸੀ। ਹਾੜ੍ਹੀ ਚੁਕਣ ਪਿੱਛੋਂ ਪਹਿਲਾ ਕੰਮ ਖੇਤਾਂ ਵਿੱਚ ਰੂੜੀ ਪਾਉਣਾ ਹੀ ਹੁੰਦਾ ਸੀ। ਸਾਰੀ ਧਰਤੀ ਦੋ ਫ਼ਸਲੀ ਹੋਣ ਨਾਲ ਬਲਦਾਂ ਰਾਹੀਂ ਕੰਮ ਕਰਨਾ ਔਖਾ ਹੋ ਗਿਆ ਤੇ ਪੰਜਾਬ ਵਿੱਚ ਖੇਤੀ ਮਸ਼ੀਨਾਂ ਆ ਗਈਆਂ। ਹੁਣ ਪੰਜਾਬ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋਣ ਨਾਲ ਪਿੰਡਾਂ ਵਿੱਚੋਂ ਡੰਗਰ ਲੋਪ ਹੋ ਗਏ ਹਨ। ਇਸੇ ਕਰ ਕੇ ਰੂੜੀ ਵੀ ਲੋਪ ਹੋ ਗਈ ਹੈ ਜਦੋਂ ਕਿ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਖੁਰਾਕੀ ਲੋੜ ਵੱਧ ਹੁੰਦੀ ਹੈ ਜਿਵੇਂ ਵੱਧ ਦੁੱਧ ਦੇਣ ਵਾਲੀ ਮੱਝ ਲਈ ਵਧੇਰੇ ਵੰਡੇ ਦੀ ਲੋੜ ਪੈਂਦੀ ਹੈ ਅਤੇ ਪਹਿਲਵਾਨੀ ਕਰ ਰਹੇ ਮੁੰਡੇ ਨੂੰ ਵੀ ਵਿਸ਼ੇਸ਼ ਖੁਰਾਕ ਦੇਣੀ ਪੈਂਦੀ ਹੈ। ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਫ਼ਸਲਾਂ ਦੀ ਖੁਰਾਕ ਹਨ, ਇਹ ਜ਼ਹਿਰੀਲੇ ਤੱਤ ਨਹੀਂ ਹਨ। ਕਈ ਵਾਰ ਕਿਸਾਨ ਘਬਰਾ ਕੇ ਲੋੜ ਤੋਂ ਵੱਧ ਯੂਰੀਆ ਪਾ ਲੈਂਦਾ ਹੈ ਤਾਂ ਹੋ ਸਕਦਾ ਹੈ, ਕੁਝ ਅੰਸ਼ ਧਰਤੀ ਵਿੱਚ ਰਹਿ ਵੀ ਜਾਂਦੇ ਹੋਣ ਪਰ ਇਸ ਨਾਲ ਧਰਤੀ ਅਮਦਰ ਵਿਗਾੜ ਨਹੀਂ ਹੁੰਦਾ। ਪਿਛਲੇ ਪੰਜਾਹ ਸਾਲਾਂ ਤੋਂ ਖਾਦਾਂ ਦੀ ਮਿਕਦਾਰ ਦੀ ਸਿਫ਼ਾਰਸ਼ ਵਿੱਚ ਵਾਧਾ ਨਹੀਂ ਹੋਇਆ ਅਤੇ ਨਾ ਹੀ ਫ਼ਸਲਾਂ ਦਾ ਝਾੜ ਘਟਿਆ ਹੈ। ਪੰਜਾਬ ਵਿੱਚ ਕਣਕ ਅਤੇ ਝੋਨਾ ਹੀ ਮੁੱਖ ਫ਼ਸਲ ਚੱਕਰ ਹੈ। ਇਨ੍ਹਾਂ ਦੋਹਾਂ ਫ਼ਸਲਾਂ ਉੱਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ, ਇਸ ਕਰ ਕੇ ਜ਼ਹਿਰਾਂ ਦੇ ਛਿੜਕਾਅ ਦੀ ਲੋੜ ਨਹੀਂ ਪੈਂਦੀ। ਪੰਜਾਬ ਵਿੱਚ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਤਨੇ ਰਕਬੇ ਦੀ ਗੋਡੀ ਕਰਨੀ ਮੁਸ਼ਕਿਲ ਹੈ। ਇਹ ਨਦੀਨਾਸ਼ਕ ਕੇਵਲ ਨਦੀਨਾਂ ਦਾ ਹੀ ਨੁਕਸਾਨ ਕਰਦੇ ਹਨ, ਫ਼ਸਲ ਦਾ ਨਹੀਂ। ਦੱਸੇ ਹੋਏ ਦਿਨਾਂ ਪਿਛੋਂ ਇਹ ਖ਼ਤਮ ਹੋ ਜਾਂਦੇ ਹਨ, ਇੰਝ ਵਾਤਾਵਰਣ ਉੱਤੇ ਵੀ ਕੋਈ ਭੈੜਾ ਅਸਰ ਨਹੀਂ ਹੁੰਦਾ। ਆਓ ਹੁਣ ਅਸਲ ਕਾਰਨਾਂ ਵਲ ਝਾਤ ਮਾਰੀਏ:

ਪਲਾਸਟਿਕ ਦੀ ਵਰਤੋਂ: ਅੱਜ ਤੋਂ ਅੱਧੀ ਸਦੀ ਪਹਿਲਾਂ ਪਲਾਸਟਿਕ ਬਾਰੇ ਕੋਈ ਜਾਣਦਾ ਨਹੀਂ ਸੀ। ਸੌਦਾ ਲੈਣ ਲਈ ਹਰੇਕ ਥੈਲਾ ਜਾਂ ਪਰਨਾ ਆਪਣੇ ਕੋਲ ਰੱਖਦਾ ਸੀ। ਕੇਵਲ ਕਾਗਜ਼ ਦੇ ਲਿਫ਼ਾਫ਼ਿਆਂ ਦੀ ਵਰਤੋਂ ਹੁੰਦੀ ਸੀ ਜਿਨ੍ਹਾਂ ਦੀ ਮੁੜ ਵਰਤੋਂ ਸਹਿਜੇ ਹੀ ਹੋ ਸਕਦੀ ਹੈ। ਹੁਣ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਨਾ ਮਿਲਦੀ ਹੋਵੇ। ਖਾਣ ਵਾਲੀਆਂ ਸਾਰੀਆਂ ਵਸਤਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਮਿਲਦੀਆਂ ਹਨ। ਦੁਕਾਨਦਾਰ ਇਨ੍ਹਾਂ ਦੀ ਵਰਤੋਂ ਖੁੱਲ੍ਹ ਕੇ ਕਰਦੇ ਹਨ। ਪਲਾਸਟਿਕ ਗਲਦੀ ਨਹੀਂ। ਇਹ ਧਰਤੀ ਨੂੰ ਹੀ ਖ਼ਰਾਬ ਨਹੀਂ ਕਰਦੀ ਸਗੋਂ ਪਸ਼ੂ ਅਤੇ ਹੋਰ ਜੀਵ-ਜੰਤੂ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ। ਮਨੁੱਖ ਦੀ ਖੁਰਾਕ ਵਿੱਚ ਇਸ ਦੇ ਅੰਸ਼ ਘੁਲ ਜਾਂਦੇ ਹਨ ਤੇ ਉਹ ਸਰੀਰ ਵਿੱਚ ਨਾੜੀਆਂ ਅੰਦਰ ਰੁਕਾਵਟ ਪਾਉਂਦੇ ਹਨ। ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਚਾਰ ਹੋਣ ਦੇ ਬਾਵਜੂਦ ਇਸ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ।

ਰੁੱਖਾਂ ਦੀ ਘਾਟ: ਮਨੁੱਖਾਂ ਨੂੰ ਜਿਊਣ ਲਈ ਆਕਸੀਜਨ ਜ਼ਰੂਰੀ ਹੈ। ਇਸ ਦੀ ਉਪਜ ਰੁੱਖ ਕਰਦੇ ਹਨ। ਸਾਡੇ ਦੇਸ਼ ਵਿੱਚ ਤੇਜ਼ੀ ਨਾਲ ਆਬਾਦੀ ਵਧੀ ਹੈ। ਦੂਜੇ ਪਾਸੇ ਵਧੀ ਆਬਾਦੀ ਦੀਆਂ ਲੱਕੜ ਬਾਬਤ ਲੋੜਾਂ ਦੀ ਪੂਰਤੀ ਲਈ ਰੁੱਖਾਂ ਦੀ ਕਟਾਈ ਵੀ ਤੇਜ਼ੀ ਨਾਲ ਹੋਈ ਹੈ। ਆਕਸੀਜਨ ਦੀ ਘਾਟ ਨਾਲ ਜਿੱਥੇ ਮਨੁੱਖੀ ਸਿਹਤ ਉੱਤੇ ਅਸਰ ਹੋਇਆ, ਉਥੇ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ, ਵਾਹਨਾਂ ਅਤੇ ਚਿਮਨੀਆਂ ਵਿੱਚੋਂ ਨਿਕਲਦੀਆਂ ਹੋਰ ਗੈਸਾਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਇਆ ਹੈ। ਰੁੱਖ ਲਗਾਉਣ ਦੀ ਮੁਹਿੰਮ ਤਾਂ ਹਰ ਸਾਲ ਚਲਾਈ ਜਾਂਦੀ ਹੈ ਪਰ ਰੁੱਖਾਂ ਦੀ ਘਾਟ ਵਿੱਚ ਵਾਧਾ ਹੋ ਰਿਹਾ ਹੈ।

ਮਨੁੱਖੀ ਕਾਰਨਾਮੇ: ਪੰਜਾਬੀਆਂ ਵਿੱਚ ਦਿਖਾਵੇ ਦੀ ਵਧ ਰਹੀ ਆਦਤ ਨੇ ਇਨ੍ਹਾਂ ਲਈ ਪੈਸਾ ਹੀ ਸਭ ਕੁਝ ਬਣਾ ਦਿੱਤਾ ਹੈ। ਪੈਸੇ ਲਈ ਹੀ ਰਿਸ਼ਵਤਖੋਰੀ, ਮਿਲਾਵਟ, ਕੁਦਰਤੀ ਸਰੋਤਾਂ ਦੀ ਬੇਦਰਦੀ ਨਾਲ ਤਬਾਹੀ ਹੋ ਰਹੀ ਹੈ। ਪੰਜਾਬ ਦੇ ਬਹੁਤੇ ਕਾਰਖਾਨਿਆਂ ਵਿੱਚ ਪਾਣੀ ਦੀ ਲੋੜ ਪੈਂਦੀ ਹੈ। ਧਾਤਾਂ ਨਾਲ ਗੰਦਾ ਹੋਇਆ ਪਾਣੀ ਸੋਧ ਕੇ ਸਿੰਜਾਈ ਜਾਂ ਹੋਰ ਕੰਮ ਲਈ ਵਰਤਣ ਦੀ ਥਾਂ ਇਸ ਨੂੰ ਬੋਰ ਰਾਹੀਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ, ਜਾਂ ਜੇਕਰ ਨੇੜੇ ਕੋਈ ਨਦੀ ਨਾਲਾ ਹੈ ਤਾਂ ਉਸ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਦੀ ਮਿਸਾਲ ਲੁਧਿਆਣੇ ਵਿੱਚੋਂ ਲੰਘਦਾ ਬੁੱਢਾ ਨਾਲਾ ਹੈ ਜਿਸ ਦਾ ਪਾਣੀ ਇਤਨਾ ਜ਼ਹਿਰੀਲਾ ਹੋ ਗਿਆ ਹੈ ਕਿ ਮੱਛੀ ਵੀ ਜਿਊਂਦੀ ਨਹੀਂ ਰਹਿ ਸਕਦੀ। ਕਦੇ ਸਮਾਂ ਸੀ, ਲੋਕ ਖੇਤਾਂ ਵਿੱਚ ਜੰਗਲ-ਪਾਣੀ ਜਾਂਦੇ ਸਨ ਜਿਸ ਨੂੰ ਕੀੜੇ ਖਾਦ ਬਣਾ ਦਿੰਦੇ ਸਨ ਪਰ ਹੁਣ ਸ਼ਹਿਰਾਂ ਵਿੱਚ ਸੀਵਰੇਜ ਦਾ ਪ੍ਰਬੰਧ ਬਣ ਗਿਆ ਹੈ। ਇਸ ਨੂੰ ਨੇੜਲੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਜਿੱਥੇ ਸੀਵਰੇਜ ਨਹੀਂ ਹੈ, ਉਥੇ ਗਰਕੀ ਟੱਟੀਆਂ ਰਾਹੀਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ।

ਪੰਜਾਬ ਵਿੱਚ ਕੋਈ ਵੀ ਅਜਿਹਾ ਇਲਾਕਾ ਨਹੀਂ ਜਿੱਥੇ ਸਿਉਂਕ ਦਾ ਹਮਲਾ ਨਾ ਹੁੰਦਾ ਹੋਵੇ। ਲਗਭਗ ਸਾਰੇ ਘਰਾਂ ਵਿੱਚ ਹੀ ਇਹ ਨਜ਼ਰ ਆ ਜਾਂਦੀ ਹੈ। ਘਰਾਂ ਵਿੱਚ ਇਸ ਦੀ ਰੋਕਥਾਮ ਲਈ ਕੰਪਨੀਆਂ ਬਣ ਗਈਆਂ ਹਨ ਜਿਹੜੀਆਂ ਮਕਾਨ ਬਣਨ ਸਮੇਂ ਨੀਹਾਂ ਵਿੱਚ ਜ਼ਹਿਰਾਂ ਭਰਦੀਆਂ ਹਨ। ਹਰੇਕ ਮਕਾਨ ਦੀਆਂ ਨੀਹਾਂ ਵਿੱਚ ਲਗਭਗ 10 ਕਿਲੋ ਸਖਤ ਜ਼ਹਿਰ ਪਾਈ ਜਾਂਦੀ ਹੈ। ਦਸ ਸਾਲਾਂ ਪਿੱਛੋਂ ਮੁੜ ਇਹੋ ਕਿਰਿਆ ਦੁਹਰਾਈ ਜਾਂਦੀ ਹੈ। ਜਦੋਂ ਇਹ ਸਾਰੀ ਜ਼ਹਿਰ ਹੇਠਾਂ ਪਾਣੀ ਵਿੱਚ ਘੁਲ ਗਈ ਤਾਂ ਇਸ ਪਾਣੀ ਦੇ ਪੀਣ ਨਾਲ ਮਨੁੱਖ ਨਸਲ ਨੂੰ ਵੱਡਾ ਖਤਰਾ ਸਾਹਮਣੇ ਆ ਜਾਵੇਗਾ।

ਧਰਤੀ ਹੇਠਲੇ ਘਟ ਰਹੇ ਪਾਣੀ ਲਈ ਵੀ ਕਿਸਾਨ ਨੂੰ ਹੀ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਿਸਾਨ ਤਾਂ ਪਾਣੀ ਦੀ ਵਰਤੋਂ ਭੋਜਨ ਪੈਦਾ ਕਰਨ ਲਈ ਕਰ ਰਿਹਾ ਹੈ। ਜਿਹੜਾ ਪਾਣੀ ਉਹ ਵਰਤਦਾ ਹੈ, ਉਸ ਦਾ ਇਕ ਹਿੱਸਾ ਉਪਜ ਦੇ ਰੂਪ ਵਿੱਚ ਵਾਪਸ ਆ ਜਾਂਦਾ ਹੈ। ਇਕ ਹਿੱਸਾ ਧਰਤੀ ਹੇਠ ਮੁੜ ਚਲਿਆ ਜਾਂਦਾ ਹੈ। ਬਾਕੀ ਭਾਫ ਬਣ ਕੇ ਉਡਦਾ ਹੈ ਅਤੇ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿੱਚ ਵਾਪਸ ਆਉਂਦਾ ਹੈ। ਖੇਤੀ ਹੇਠ ਘਟ ਰਹੀ ਧਰਤੀ ਅਤੇ ਵਧ ਰਹੀ ਆਬਾਦੀ ਦੀਆਂ ਭੋਜਨ ਲੋੜਾਂ ਦੀ ਪੂਰਤੀ ਲਈ ਵੱਧ ਤੋਂ ਵੱਧ ਉਪਜ ਜ਼ਰੂਰੀ ਹੈ। ਪਾਣੀ ਦੀ ਦੁਰਵਰਤੋਂ ਤਾਂ ਗੈਰ-ਖੇਤੀ ਕਾਰਜਾਂ ਵਿੱਚ ਹੁੰਦੀ ਹੈ। ਪੰਜਾਬ ਵਿੱਚ ਕਿਸਾਨਾਂ ਦੇ ਕੋਈ 14 ਲੱਖ ਟਿਊਬਵੈੱਲ ਹਨ ਜਿਹੜੇ ਸਾਲ ਵਿੱਚ ਮਸਾਂ ਛੇ ਮਹੀਨੇ ਚਲਦੇ ਹਨ ਜਦੋਂਕਿ ਗੈਰ-ਕਿਸਾਨੀ ਖੇਤਰ ਵਿੱਚ 25 ਲੱਖ ਤੋਂ ਵੱਧ ਟਿਊਬਵੈੱਲ ਹਨ ਜਿਹੜੇ ਦਿਨ ਰਾਤ ਚਲਦੇ ਹਨ। ਇਸ ਪਾਣੀ ਨੂੰ ਰਸਾਇਣਾਂ ਨਾਲ ਗੰਦਾ ਕਰ ਕੇ ਧਰਤੀ ਹੇਠ ਭੇਜਿਆ ਜਾ ਰਿਹਾ ਹੈ, ਜਾਂ ਫਿਰ ਦਰਿਆਈ ਪਾਣੀ ਗੰਦਾ ਕੀਤਾ ਜਾ ਰਿਹਾ ਹੈ।

ਇਸ ਸਮੇਂ ਲੋੜ ਲੋਕਾਈ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਪਾਣੀ, ਧਰਤੀ ਅਤੇ ਵਾਤਾਵਰਨ ਦੀ ਰਾਖੀ ਕੀਤੀ ਜਾ ਸਕੇ। ਅਸੀਂ ਸਾਰੇ ਹੀ ਇਸ ਲਈ ਜਿ਼ੰਮੇਵਾਰ ਹਾਂ। ਜਦੋਂ ਤੱਕ ਨਾਗਰਿਕ ਆਪਣੇ ਫ਼ਰਜ਼ ਨਹੀਂ ਪਛਾਣਦੇ, ਉਦੋਂ ਤੱਕ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਆਪਣੀ ਧਰਤੀ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਹਰੇਕ ਵਰ੍ਹੇ ਵਿਸ਼ਵ ਧਰਤੀ ਦਿਵਸ ਮਨਾਉਣ ਦਾ ਮੰਤਵ ਵੀ ਇਹੋ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਜਿ਼ੰਮੇਵਾਰੀ ਤੋਂ ਸੁਚੇਤ ਕਰਵਾਇਆ ਜਾਵੇ। ਸਬੰਧਿਤ ਮਹਿਕਮਿਆਂ ਦੇ ਕਰਮਚਾਰੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੁਝ ਪੈਸਿਆਂ ਖ਼ਾਤਿਰ ਆਪਣੇ ਫ਼ਰਜ਼ ਕਿਉਂ ਭੁੱਲ ਰਹੇ ਹਨ। ਫੈਕਟਰੀ ਮਾਲਕਾਂ ਦੀਆਂ ਕੁਤਾਹੀਆਂ ਨੂੰ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। ਉਹ ਭੁੱਲ ਜਾਂਦੇ ਹਨ ਕਿ ਪਲੀਤ ਹੋਈ ਧਰਤੀ, ਗੰਦਾ ਪਾਣੀ ਅਤੇ ਗੰਧਲਾ ਵਾਤਾਵਰਨ ਉਨ੍ਹਾਂ ਲਈ ਵੀ ਉਤਨਾ ਹੀ ਹਾਨੀਕਾਰਕ ਹੈ। ਸ਼ਾਇਦ ਇਸੇ ਲਈ ਬਹੁਤੇ ਲੀਡਰ, ਧਾਰਮਿਕ ਆਗੂ, ਵੱਡੇ ਅਫਸਰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਪਰ ਇਹ ਮਸਲੇ ਦਾ ਹੱਲ ਨਹੀਂ। ਜੜ੍ਹਾਂ ਨਾਲੋਂ ਟੁੱਟ ਕੇ ਜਿਊਣਾ ਬੜਾ ਔਖਾ ਹੈ। ਆਓ ਸਾਰੇ ਆਪਣੇ ਫ਼ਰਜ਼ਾਂ ਨੂੰ ਪਛਾਣੀਏ ਅਤੇ ਧਰਤੀ, ਪਾਣੀ ਤੇ ਵਾਤਾਵਰਨ ਨੂੰ ਪਲੀਤ ਕਰਨ ਤੋਂ ਗੁਰੇਜ਼ ਕਰੀਏ।

ਸੰਪਰਕ: 94170-87328

Advertisement
Author Image

Jasvir Samar

View all posts

Advertisement