ਪ੍ਰਤਾਪ ਸਿੰਘ ਬਾਜਵਾ ’ਤੇ ਪਰਚਾ ਦਰਜ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
ਮਨੋਜ ਸ਼ਰਮਾ
ਬਠਿੰਡਾ, 14 ਅਪਰੈਲ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਪਰਚੇ ਦੇ ਵਿਰੋਧ ’ਚ ਅੱਜ ਕਾਂਗਰਸ ਨੇ ਬਠਿੰਡਾ ਵਿਚ ਅਰਥੀ ਫੂਕ ਮੁਜ਼ਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਨੇ ਰੇਲਵੇ ਸਟੇਸ਼ਨ ਨੇੜੇ ਮਾਨ ਸਰਕਾਰ ਦਾ ਪੁਤਲਾ ਫੂਕਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਟਹਿਲ ਸਿੰਘ ਸੰਧੂ, ਬਲਵੰਤ ਰਾਏ ਨਾਥ, ਰੁਪਿੰਦਰ ਬਿੰਦਰਾ ਆਦਿ ਆਗੂਆਂ ਨੇ ਕਿਹਾ ਕਿ ਬਾਜਵਾ ਨੇ ਸਿਰਫ ਅਖਬਾਰੀ ਰਿਪੋਰਟਾਂ ਦਾ ਹਵਾਲਾ ਦਿੱਤਾ ਸੀ, ਜਿਸ ਲਈ ਉਨ੍ਹਾਂ ’ਤੇ ਕਾਰਵਾਈ ਕਰਨਾ ਸਰਕਾਰ ਦੀ ਮਨੋਵਿਰਤੀ ਨੂੰ ਦਿਖਾਉਂਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਖੁਫੀਆ ਵਿਭਾਗ ਨੂੰ ਚੌਕਸ ਕਰਨ ਦੀ ਸਲਾਹ ਦਿੱਤੀ। ਆਗੂਆਂ ਨੇ ਆਖਿਆ ਕਿ ਪੰਜਾਬ ’ਚ 18 ਬੰਬ ਧਮਾਕੇ ਹੋ ਚੁੱਕੇ ਹਨ ਤੇ ਕਤਲੋਗਾਰਦ ਵਧ ਰਹੀ ਹੈ, ਜਿਸ ਵੱਲ ਪੁਲੀਸ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਲੋਕਤੰਤਰ ਖਿਲਾਫ ਹੈ। ਕਾਂਗਰਸ ਨੇ ਮੰਗ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਖਿਲਾਫ ਦਰਜ ਪਰਚਾ ਰੱਦ ਕੀਤਾ ਜਾਵੇ ਅਤੇ ਮੁੱਖ ਮੰਤਰੀ ਮੁਆਫੀ ਮੰਗਣ। ਇਸ ਮੌਕੇ ਅੰਮ੍ਰਿਤਾ ਗਿੱਲ, ਮਹਿੰਦਰ ਭੋਲਾ, ਮਾਸਟਰ ਪ੍ਰਕਾਸ਼ ਚੰਦ, ਐਮਸੀ ਨੰਦ ਲਾਲ, ਸੰਜੇ ਚੌਹਾਨ, ਕਰਤਾਰ ਸਿੰਘ ਆਦਿ ਹਾਜ਼ਰ ਸਨ।
ਬਠਿੰਡਾ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਵਰਕਰ।