ਪ੍ਰਕਾਸ਼ ਪੁਰਬ ਸਮਾਗਮ: ਸਰਕਾਰ ਤੇ ਅਕਾਲੀ ਦਲ ਦਰਮਿਆਨ ਟਕਰਾਅ ਦੀ ਸਥਿਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੱਦਾ ਪੱਤਰ ਦੇਣ ਮੌਕੇ ਗੁਲਦਸਤਾ ਭੇਟ ਕਰਦੇ ਹੋਏ ਸਿੱਖ ਵਫਦ ਦੇ ਮੈਂਬਰ।

ਦਵਿੰਦਰ ਪਾਲ
ਚੰਡੀਗੜ੍ਹ, 20 ਸਤੰਬਰ
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਲੈ ਕੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਲਈ ਜ਼ੋਰ ਪਾਉਣ ਦੇ ਨਾਲ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸ੍ਰੀਮਤੀ ਬਾਦਲ ਦੀਆਂ ਗਤੀਵਿਧੀਆਂ ਕਾਰਨ ਸਰਕਾਰ ਹਰਕਤ ਵਿੱਚ ਆ ਗਈ ਹੈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਨੇ ਕਪੂਰਥਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲੰਧਰ ਡਿਵੀਜ਼ਨ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਜ਼ੁਬਾਨੀ ਤੌਰ ’ਤੇ ਰਿਪੋਰਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਜਲੰਧਰ ’ਚ ਤਾਇਨਾਤ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਹਰਸਿਮਰਤ ਬਾਦਲ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ। ਮੁੱਖ ਸਕੱਤਰ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਦਿੱਤੀ ਗਈ ਕਿ ਪ੍ਰਕਾਸ਼ ਪੁਰਬ ਸਬੰਧੀ ਹਰਸਿਮਰਤ ਕੌਰ ਬਾਦਲ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਰਾਜ ਸਰਕਾਰ ਕੇਂਦਰ ਦੇ ਅਜਿਹੇ ਵਿਭਾਗ ਨਾਲ ਹੀ ਤਾਲਮੇਲ ਕਰ ਸਕਦੀ ਹੈ ਜਿਸ ਵਿਭਾਗ ਦੀ ਜ਼ਿੰਮੇਵਾਰੀ ਅਧਿਕਾਰਤ ਤੌਰ ’ਤੇ ਕੇਂਦਰ ਸਰਕਾਰ ਨੇ ਲਾਈ ਹੋਵੇ। ਮਹੱਤਵਪੂਰਨ ਤੱਥ ਇਹ ਹੈ ਕਿ ਪ੍ਰਕਾਸ਼ ਪੁਰਬ ਸਮਾਗਮਾਂ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਕੰਮ-ਕਾਰ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਦੀ ਕੋਈ ਵੱਡੀ ਭੂਮਿਕਾ ਦਿਖਾਈ ਨਹੀਂ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ’ਤੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਕੁਝ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸੀਨੀਅਰ ਆਗੂਆਂ ਵੱਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਸਿੱਖਾਂ ਦੇ ਧਾਰਮਿਕ ਸਮਾਗਮਾਂ ਦੀ ਅਗਵਾਈ ਹਮੇਸ਼ਾ ਸ਼੍ਰੋਮਣੀ ਕਮੇਟੀ ਕਰਦੀ ਆਈ ਹੈ। ਇਸ ਲਈ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਅਗਵਾਈ ਵੀ ਸ਼੍ਰੋਮਣੀ ਕਮੇਟੀ ਨੂੰ ਹੀ ਕਰਨੀ ਚਾਹੀਦੀ ਹੈ। ਅਕਾਲੀਆਂ ਵੱਲੋਂ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਲਈ ਕਿਹਾ ਹੈ। ਇਸ ਲਈ ਜੇਕਰ ਕਾਂਗਰਸ ਸਰਕਾਰ ਵੱਖਰੇ ਤੌਰ ’ਤੇ ਸਮਾਗਮ ਕਰਦੀ ਹੈ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਦੀ ਅਵੱਗਿਆ ਹੋਵੇਗੀ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੋਮਣੀ ਕਮੇਟੀ ਨੂੰ ਹੀ ਸਮਾਗਮ ਦੀ ਅਗਵਾਈ ਕਰਨੀ ਚਾਹੀਦੀ ਹੈ ਪਰ ਜਦੋਂ ਸਮਾਗਮ ਬਾਹਰ ਹੋਵੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਸੂਬੇ ਵਿੱਚ ਕਾਂਗਰਸ ਸਰਕਾਰ ਹੋਣ ਕਾਰਨ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੁੱਕਰੇ ਲੱਗਿਆ ਮਹਿਸੂਸ ਕਰ ਰਿਹਾ ਹੈ। ਅਕਾਲੀ ਦਲ ਨੇ ਸੁਲਤਾਨਪੁਰ ਲੋਧੀ ਨੂੰ ਸਫ਼ੈਦ ਰੰਗ ’ਚ ਰੰਗਣ ਦੀ ਸੇਵਾ ਸ਼ੁਰੂ ਕੀਤੀ ਹੈ। ਪੰਜਾਬ ਦੀ ਸੱਤਾ ’ਚੋਂ ਲਾਂਭੇ ਹੋਣ ਅਤੇ ਬੇਅਦਬੀ ਕਾਂਡ ਦੇ ਦੋਸ਼ਾਂ ’ਚ ਘਿਰਨ ਮਗਰੋਂ ਅਕਾਲੀ ਦਲ ਸਿਆਸੀ ਤੌਰ ’ਤੇ ਸੰਕਟ ਵਿੱਚ ਹੀ ਘਿਰਿਆ ਦਿਖਾਈ ਦੇ ਰਿਹਾ ਹੈ। ਧਾਰਮਿਕ ਸਮਾਗਮਾਂ ਦੀਆਂ ਗਤੀਵਿਧੀਆਂ ਦੌਰਾਨ ਅਕਾਲੀ ਦਲ ਨੇ ਇੱਕ ਤਰ੍ਹਾਂ ਨਾਲ ਸੰਕਟ ਟਾਲਣ ਦਾ ਮੌਕਾ ਲੱਭਿਆ ਹੈ।

ਪ੍ਰਕਾਸ਼ ਪੁਰਬ ਸਮਾਗਮ ’ਚ ਹਾਜ਼ਰੀ ਭਰਨਗੇ ਰਾਸ਼ਟਰਪਤੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼੍ਰੋਮਣੀ ਕਮੇਟੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ’ਚ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਾਮਲ ਹੋਣਗੇ। ਰਾਸ਼ਟਰਪਤੀ ਨੇ ਇਹ ਭਰੋਸਾ ਉਨ੍ਹਾਂ ਨੂੰ ਸੱਦਾ ਪੱਤਰ ਦੇਣ ਆਏ ਵਫ਼ਦ ਨੂੰ ਦਿੱਤਾ। ਰਾਸ਼ਟਰਪਤੀ ਨੂੰ ਸੱਦਾ ਪੱਤਰ ਦੇਣ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਸਨ। ਭਾਈ ਲੌਂਗੋਵਾਲ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸੱਦਾ ਪ੍ਰਵਾਨ ਕਰਦਿਆਂ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ’ਚ ਹੋਣ ਵਾਲੇ ਸਮਾਗਮ ਵਿਚ ਸ਼ਮੂਲੀਅਤ ਕਰਨ ਬਾਰੇ ਆਖਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਸ਼ਮੂਲੀਅਤ ਕਰਨਾ ਉਨ੍ਹਾਂ ਦੀ ਖੁਸ਼ਕਿਸਮਤੀ ਹੋਵੇਗੀ। ਇਸ ਮੌਕੇ ਵਫ਼ਦ ਵੱਲੋਂ ਰਾਸ਼ਟਰਪਤੀ ਨੂੰ ਗੁਲਦਸਤਾ ਵੀ ਭੇਟ ਕੀਤਾ ਗਿਆ।