ਪ੍ਰਕਾਸ਼ ਪੁਰਬ: ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ 550 ਬੂਟੇ ਲਗਾਏ

ਮਨਜਿੰਦਰ ਸਿੰਘ ਸਿਰਸਾ, ਡਾ. ਜਸਵਿੰਦਰ ਸਿੰਘ ਤੇ ਤਰਲੋਚਨ ਸਿੰਘ ਪੌਦੇ ਲਾਉਂਦੇ ਹੋਏ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਬਲਿਹਾਰੀ ਕੁਦਰਤ ਵਸਿਆ’ ਮੁਹਿੰਮ ਤਹਿਤ ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਵਿਚ ਬੂਟੇ ਲਗਾਏ ਗਏ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਵਾਤਾਵਰਨ ਸੰਭਾਲ ਬਾਰੇ ਗੁਰੂ ਨਾਨਕ ਦੇਵ ਜੀ ਦੇ ਅਦੁੱਤੀ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾਉਣਾ ਸਾਡਾ ਸਭ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਹੀ ਵਾਤਾਵਰਨ ਦੀ ਸ਼ੁੱਧਤਾ ਅਤੇ ਜਨ ਜੀਵਨ ਲਈ ਰੋਗ ਮੁਕਤ ਮਾਹੌਲ ਸਿਰਜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿਚ ਵੱਧ ਤੋਂ ਵੱਧ ਸੰਸਥਾਵਾਂ ਨੂੰ ਭਾਗੀਦਾਰ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ ਤੇ ਅਸੀਂ ਇਸ ਪਾਸੇ ਯਤਨਸ਼ੀਲ ਹਾਂ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸਿੱਖਿਆ ’ਤੇ ਚਲਦਿਆਂ ਹਰ ਵਿਅਕਤੀ ਆਪਣੇ ਆਲੇ ਦੁਆਲੇ ਇਕ ਇਕ ਬੂਟਾ ਲਗਾਵੇ ਅਤੇ ਇਸਦੀ ਸੰਭਾਲ ਕਰੇ। ਅੱਜ ਮੁਹਿੰਮ ਤਹਿਤ ਜਿਹੜੇ ਬੂਟੇ ਲਗਾਏ ਗਏ ਉਹਨਾਂ ’ਤੇ ਇਕ ਵਿਸ਼ੇਸ਼ ਕਿਸਮ ਦੀ ਚਿੱਪ ਲਗਾਈ ਗਈ ਹੈ ਜਿਸ ਨਾਲ ਆਪੋ ਆਪਣੇ ਸਕੈਨਰ ਰਾਹੀਂ ਇਸ ਬੂਟੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿਚ ਮੁੱਖ ਭੂਮਿਕਾ ਕਾਲਜ ਦੇ ਬਨਸਪਤੀ ਵਿਭਾਗ ਦੇ ਡਾ. ਇੰਦਰਦੀਪ ਕੌਰ ਤੇ ਡਾ. ਸੁਰਿੰਦਰ ਕੌਰ ਨੇ ਨਿਭਾਈ ਹੈ। ਇਸ ਮੌਕੇ ਕਾਲਜ ਮੁਖੀ ਡਾ. ਜਸਵਿੰਦਰ ਸਿੰਘ ਨੇ ਬੂਟਿਆਂ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਅੱਜ ਦੀ ਮੁਹਿੰਮ ਦੌਰਾਨ ਨਿੰਮ, ਕਾਲਾ ਬਾਂਸ, ਚੰਪਾ ਅੰਬ, ਜਵੈਣ, ਇਲਾਇਚੀ, ਅਮਰੂਦ, ਅਨਾਰ, ਗਲੋ, ਕਚਨਾਰ, ਰਾਤ ਰਾਣੀ, ਹਾਰ ਸ਼ਿੰਗਾਰ, ਜਾਮਣ, ਕਦੰਬ, ਜਨਰੈਂਡਾ, ਰਬੜ, ਬੋਗਨਵਿਲਾ, ਨਿੰਬੂ ਘਾਹ, ਟਾਹਲੀ, ਕਨੇਰ, ਅਮਲਤਾਸ, ਅਰਜਣ, ਅਸ਼ੋਕਾ, ਨਿਰਗੁੰਡੀ, ਤੁਲਸੀ, ਬੇਲ ਅਤੇ ਤੂਤ ਆਦਿ ਦੇ 550 ਬੂਟੇ ਲਗਾਏ ਗਏ।

5500 ਬੱਚੇ ਸਕੂਲੀ ਵਰਦੀ ’ਚ 2.3 ਕਿਲੋਮੀਟਰ ਦੀ ਮਨੁੱਖੀ ਚੇਨ ਬਣਾਉਣਗੇ
ਨਵੀਂ ਦਿੱਲੀ, (ਪੱਤਰ ਪ੍ਰੇਰਕ ): ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਮੌਕੇ ਸਮਾਜ ਵਿਚ ਭਾਈਚਾਰਾ, ਸ਼ਾਂਤੀ, ਪ੍ਰੇਮ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 550 ਬੱਚੇ ਸਕੂਲ ਡ੍ਰੈਸ ਵਿਚ ਇੰਡੀਆ ਗੇਟ ਦੇ 2.3 ਕਿਲੋਮੀਟਰ ਆਉਟਰ ਰੇਡਿਅਸ ਸਰਕਲ ’ਤੇ ਮਨੁੱਖੀ ਚੇਨ ਬਣਾਉਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਰਾਜਧਾਨੀ ਦਿੱਲੀ ਵਿਚ ਵੱਖ-ਵੱਖ ਥਾਵਾਂ ’ਤੇ ਸਥਾਪਿਤ 11 ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਛੇਵੀਂ ਜਮਾਤ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਬੱਚੇ ਕੱਲ੍ਹ 21 ਸਤੰਬਰ ਨੂੰ ਸਵੇਰੇ 10 ਵਜੇ ਤੋਂ 10.30 ਵਜੇ ਦੇ ਵਿਚਕਾਰ ਇੰਡੀਆ ਗੇਟ ਵਿਚ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮ ਦਿਵਸ ਮੌਕੇ ’ਤੇ ਸਮਾਜ ਦੇ ਵੱਖੋ-ਵੱਖ ਵਰਗਾਂ ਨੂੰ ਜਾਗਰੂਕ ਕਰਨ, ਪਾਵਨ ਗੁਰਬਾਣੀ ਵਿਚ ਦਿੱਤੇ ਗਏ ਉਪਦੇਸ਼ਾਂ ਦੇ ਪ੍ਰਚਾਰ ਅਤੇ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਟ੍ਰੈਫ਼ਿਕ ਨਿਯਮਾਂ ਦੇ ਸਮਰਥਨ ਤੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਕੂਲੀ ਬੱਚੇ ਆਪਣੇ ਹੱਥਾਂ ਵਿਚ ਵੱਖ-ਵੱਖ ਸੰਦੇਸ਼ਾਂ ਦੀਆਂ ਤਖ਼ਤੀਆਂ ਤੇ ਨਾਅਰੇ ਲਗਾ ਕੇ ਸਮਾਜ ਨੂੰ ਸਹਯੋਗ ਕਰਨ ਦੀ ਅਪੀਲ ਕਰਨਗੇ। 21 ਤਰੀਕ ਸ਼ਾਮ ਨੂੰ ਤੰਤੀ ਸਾਜਾਂ ’ਤੇ ਆਧਾਰਿਤ ਰਾਗ ਤਰੰਗ ਪ੍ਰੋਗਰਾਮ ਤਾਲਕਟੋਰਾ ਗਾਰਡਨ ਦੇ ਓਪਨ ਥੀਏਟਰ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਪੁੱਜੇ ਕੇ ਪੁਰਾਤਨ ਸਾਜਾਂ ਰਾਹੀਂ ਕੀਰਤਨ ਕਰਨਗੇ।

Tags :