ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਤਿਆਰੀਆਂ ਜ਼ੋਰਾਂ ’ਤੇ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀ ਸਮੇਂ ਕੀਰਤਨ ਦੀ ਰਿਹਰਸਲ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਇਥੇ ਗੁਰਦੁਆਰਾ ਰਕਾਬ ਗੰਜ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸ਼ਬਦ ਅਣਹਦ ਕੀਰਤਨ ਸਮਾਗਮ ਦੀ ਤਿਆਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਇੰਡੀਆ ਗੇਟ ਵਿੱਚ 550 ਕੀਰਤਨੀਆਂ ਵੱਲੋਂ ਇਕੋ ਵਾਰ ਪੱਕੇ ਰਾਗਾਂ ਵਿਚ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਜਾਣਾ ਹੈ। ਇਸ ਸਮਾਗਮ ਨੂੰ ਸ਼ਬਦ ਅਣਹਦ ਕੀਰਤਨ ਸਮਾਗਮ ਦਾ ਨਾਮ ਦਿੱਤਾ ਗਿਆ ਹੈ।
ਸਮੂਹਿਕ ਤੌਰ ‘ਤੇ ਰਾਗੀ ਸਿੰਘਾਂ ਵੱਲੋਂ ਕੀਤੇ ਕੀਰਤਨ ਦੇ ਅਭਿਆਸ ਤੋਂ ਬਾਅਦ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇੰਡੀਆ ਗੇਟ ਉਪਰ ਜਦੋਂ 550 ਕੀਰਤਨੀਆਂ ਵੱਲੋਂ ਇਲਾਹੀ ਬਾਣੀ ਦਾ ਇੱਕਠਿਆਂ ਕੀਰਤਨ ਕੀਤਾ ਜਾਵੇਗਾ ਤਾਂ ਉਹ ਦ੍ਰਿਸ਼ ਇੱਕ ਅਲੌਕਿਕ ਨਜ਼ਾਰੇ ਦੇ ਰੂਪ ਵਿੱਚ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਜਿੰਨੇ ਵੀ ਪ੍ਰੋਗਰਾਮ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਉਲੀਕੇ ਗਏ ਹਨ ਉਨ੍ਹਾਂ ਸਭ ਵਿਚ ਸੰਗਤਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਸ਼ਾਮ ਸੱਤ ਵੱਜੇ ਇਹ ਰੂਹਾਨੀਅਤ ਦੀਆਂ ਰਿਸਮਾਂ ਖਿਲੇਰਦਾ ਕੀਰਤਨ ਆਰੰਭ ਹੋ ਜਾਵੇਗਾ ਅਤੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਬਾਅਦ ਅਗਲੇ ਦਿਨ 13 ਅਕਤੂਬਰ ਨੂੰ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਕਿਸਤਾਨ ਨਨਕਾਣਾ ਸਾਹਿਬ ਲਈ ਰਵਾਨਾ ਹੋਣ ਵਾਲੇ ਨਗਰ ਕੀਤਰਨ ਵਿੱਚ ਸ਼ਾਮਿਲ ਹੋਣਗੀਆਂ।