ਪੋਲਿੰਗ ਸਟਾਫ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੇ ਲਈ ਸੋਮਵਾਰ ਨੂੰ ਜਨਰਲ ਆਬਜ਼ਰਵਰ ਰਾਜੀਵ ਕੁਮਾਰ (ਆਈਏਐਸ) ਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਦੀ ਮੌਜੂਦਗੀ ਵਿੱਚ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਪੋਲਿੰਗ ਸਟਾਫ ਤਾਇਨਾਤ ਕਰਨ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ ਗਈ। ਨੈਕਸਟਜੈਨ ਡੀ.ਆਈ.ਐਸ.ਈ ਸਾਫਟਵੇਅਰ ਦੀ ਵਰਤੋਂ ਕਰਦੇ ਹੋਏ 936 ਅਧਿਕਾਰੀਆਂ ਜਿਨ੍ਹਾਂ ਵਿੱਚ 234 ਪ੍ਰੀਜ਼ਾਈਡਿੰਗ ਅਫਸਰ (ਪੀ.ਆਰ.ਓ), 234 ਸਹਾਇਕ ਪ੍ਰੀਜ਼ਾਈਡਿੰਗ ਅਫਸਰ (ਏ.ਪੀ.ਆਰ.ਓ) ਅਤੇ 468 ਪੋਲਿੰਗ ਅਫਸਰਾਂ ਦੀ ਤਾਇਨਾਤੀ ਲਈ ਰੈਂਡਮਾਈਜ਼ੇਸ਼ਨ ਕੀਤੀ ਗਈ। ਕੇਂਦਰ ਅਤੇ ਰਾਜ ਸਰਕਾਰਾਂ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਤੋਂ 234 ਪੋਲਿੰਗ ਪਾਰਟੀਆਂ ਜਿਸ ਵਿੱਚ ਨੈਕਸਟਜੇਨ ਡੀ.ਆਈ.ਐਸ.ਈ ਸਾਫਟਵੇਅਰ ਦੀ ਵਰਤੋਂ ਕਰਨ ਵਾਲੀਆਂ 20 ਪ੍ਰਤੀਸ਼ਤ ਰਿਜ਼ਰਵ ਪਾਰਟੀਆਂ ਸ਼ਾਮਲ ਹਨ। 936 ਅਧਿਕਾਰੀਆਂ ਲਈ ਡਿਊਟੀ ਆਰਡਰ ਰੈਂਡਮਾਈਜ਼ੇਸ਼ਨ ਤੋਂ ਬਾਅਦ ਤਿਆਰ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਸਬੰਧਤ ਵਿਭਾਗਾਂ ਦੇ ਮੁਖੀਆਂ (ਐਚ.ਓ.ਡੀ) ਦੁਆਰਾ ਦਿੱਤੇ ਜਾਣਗੇ। ਉਨ੍ਹਾਂ ਨੂੰ 12 ਜੂਨ ਨੂੰ ਖਾਲਸਾ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਦੂਜੀ ਰਿਹਰਸਲ ਵਿੱਚ ਸ਼ਾਮਲ ਹੋਣਾ ਪਵੇਗਾ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਪੋਲਿੰਗ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਦੋ ਸਹਾਇਕ ਪੋਲਿੰਗ ਬੂਥਾਂ ਸਮੇਤ ਕੁੱਲ 194 ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ।