ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਆਲ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਮੰਗਾਂ ਪ੍ਰਤੀ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਡੀ.ਸੀ. ਕੰਪਲੈਕਸ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਵੱਲੋਂ ਮੰਗਾਂ ਬਾਰੇ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਡੀਸੀ ਨੂੰ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ ਅਤੇ ਜਨਰਲ ਸਕੱਤਰ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੇ ਸੱਦੇ ’ਤੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੜਕਾਂ ’ਤੇ ਉਤਰਨ ਲਈ ਸਰਕਾਰ ਵਲੋਂ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਨੇ ਮੰਗਾਂ ਪ੍ਰਤੀ ਨਾਂਹ-ਪੱਖੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਮੰਗਾਂ ਛੇਤੀ ਪ੍ਰਵਾਨ ਕੀਤੀਆਂ ਜਾਣ ਅਤੇ ਐਸੋਸੀਏਸ਼ਨ ਨੂੰ ਮੰਗਾਂ ਬਾਰੇ ਵਿਚਾਰ ਕਰਨ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸੂਬਾ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬਿੱਕਰ ਸਿੰਘ ਸਿਬੀਆ, ਮੋਹਨ ਸਿੰਘ ਬਾਵਾ, ਰਾਮ ਲਾਲ ਸ਼ਰਮਾ, ਜਸਮੇਲ ਸਿੰਘ, ਕੁਲਵੰਤ ਸਿੰਘ, ਜੈ ਸਿੰਘ, ਜਗਤਾਰ ਸਿੰਘ, ਪਵਨ ਕੁਮਾਰ, ਦਵਿੰਦਰ ਕੌਸ਼ਲ, ਹਵਾ ਸਿੰਘ, ਹਰਚਰਨ ਸਿੰਘ, ਸੁਖਮੰਦਰ ਸਿੰਘ, ਰਾਮ ਗੋਪਾਲ, ਰਾਜਿੰਦਰ ਕੁਮਾਰ, ਕਰਨੈਲ ਸਿੰਘ, ਜੰਗੀਰ ਸਿੰਘ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂ ਦਵਿੰਦਰ ਕੌਸ਼ਲ ਅਤੇ ਜੰਗੀਰ ਸਿੰਘ ਕਟਾਰੀਆ ਹਾਜ਼ਰ ਸਨ।