ਪੇਂਡੂ ਮਜ਼ਦੂਰ ਯੂਨੀਅਨ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੋਸਿਆ

ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਮਾਨ

ਰਾਜਨ ਮਾਨ
ਮਜੀਠਾ, 8 ਅਕਤੂਬਰ
ਪੇਂਡੂ ਮਜ਼ਦੂਰ ਯੂਨੀਅਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਹੈ ਕਿ ਆਰਥਿਕ ਮੰਦਵਾੜਾ ਮਜ਼ਦੂਰ ਅਤੇ ਕਿਸਾਨਾਂ ਦੀ ਬੇਰਹਿਮ ਲੁੱਟ ਦਾ ਨਤੀਜਾ ਹੈ ਅਤੇ ਪੈਦਾਵਾਰ ਦੀ ਕਾਣੀ ਵੰਡ ਨੇ ਦੇਸ਼ ਦੇ ਮਜ਼ਦੂਰ ਰੋਲ ਦਿੱਤੇ ਹਨ। ਪਿੰਡ ਮੱਦੀਪੁਰਾ ਵਿਚ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਾਤਾਰ ਸਿੰਘ ਅਤੇ ਜ਼ਿਲ੍ਹਾ ਆਗੂ ਸਵਿੰਦਰ ਸਿੰਘ ਜੇਠੂਨੰਗਲ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਹਕੂਮਤਾਂ ਦੀਆਂ ਅਣਦੇਖੀਆਂ ਕਾਰਨ ਅੱਜ ਦੇਸ਼ ਦਾ ਮਜ਼ਦੂਰ ਤੇ ਕਿਸਾਨ ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਦਾਵਰੀ ਸਾਧਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਕਾਰਨ ਪੈਦਾਵਾਰ ਦਾ ਵੰਡਾ ਹਿੱਸਾ ਇਨ੍ਹਾਂ ਵੱਲੋਂ ਹੜੱਪ ਕਰਨ ਕਰ ਕੇ ਇਸ ਕਾਣੀ ਵੰਡ ਨੇ ਹੀ ਮਜ਼ਦੂਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿ ਸਰਕਾਰਾਂ ਵੱਲੋਂ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੇ ਕੀਤੇ ਗਏ ਵਾਅਦੇ ਨਾ ਪੂਰੇ ਕਰਨ ਕਰ ਕੇ ਉਨ੍ਹਾਂ ਲੋਕਾਂ ਨੂੰ ਛੱਤ ਨਸੀਬ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਤੇ ਰਾਜ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰ ਰਹੀਆਂ ਹਨ ਅਤੇ ਦੂਸਰੇ ਪਾਸੇ ਸਨਅਤਾਂ ਬੰਦ ਕਰ ਕੇ ਦੇਸ਼ ਦੇ ਲੋਕਾਂ ਨੂੰ ਮੰਦਹਾਲੀ ਵੱਲ ਧਕੇਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਠੇਕੇ ’ਤੇ ਭਰਤੀ ਕਰ ਕੇ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਮੀਟਿੰਗ ਨੂੰ ਪਲਵਿੰਦਰ ਸਿੰਘ ਜੇਠੂਨੰਗਲ, ਵਿੱਕੀ ਜੌਹਲ, ਜਸਪ੍ਰੀਤ ਸਿੰਘ ਕੋਟਲਾ ਗੁਜਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿੱਚ ਯਕੂਬ ਮਸੀਹ ਪ੍ਰਧਾਨ, ਲਵ ਸਿੰਘ ਮੀਤ ਪ੍ਰਧਾਨ, ਸੁਖਦੇਵ ਮਸੀਹ ਨੂੰ ਖਜ਼ਾਨਚੀ ਚੁਣਿਆ ਗਿਆ ਅਤੇ ਸੁੱਖਾ ਮਸੀਹ, ਕੇਵਲ ਮਸੀਹ, ਜਗਤਾਰ ਮਸੀਹ, ਕਾਲਾ ਮਸੀਹ, ਰਫੀਕ ਮਸੀਹ, ਅਜੇਪਾਲ ਮਸੀਹ, ਰਘੂ ਮਸੀਹ ਨੂੰ ਮੈਂਬਰ ਚੁਣਿਆ ਗਿਆ।

Tags :