ਪੇਂਡੂ ਮਜ਼ਦੂਰ ਯੂਨੀਅਨ ਦਾ ਇਜਲਾਸ, ਕੁਲਵੰਤ ਸਿੰਘ ਪ੍ਰਧਾਨ ਚੁਣੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੂਨ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਜਗਰਾਉਂ ਇਲਾਕੇ ਵਿੱਚ ਸਥਾਪਤ ਪਿੰਡ ਇਕਾਈਆਂ ਦੇ ਚੁਣੇ ਡੇਲੀਗੇਟਾਂ ਦੀ ਹਾਜ਼ਰੀ ਵਿੱਚ ਇਲਾਕਾ ਇਜਲਾਸ ਹੋਇਆ। ਇਜਲਾਸ ਦੀ ਕਾਰਵਾਈ ਕਰਨੈਲ ਸਿੰਘ, ਕਰਮ ਸਿੰਘ, ਬਖਤੌਰ ਸਿੰਘ, ਪਰਮਜੀਤ ਸਿੰਘ ਅਤੇ ਬਲਬੀਰ ਸਿੰਘ ਦੇ ਆਧਾਰਿਤ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਹੇਠ ਚਲਾਈ ਗਈ। ਇਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਜਲਾਸ ਦੌਰਾਨ ਪਿਛਲੀਆਂ ਸਰਗਰਮੀਆਂ ਅਤੇ ਲੜੇ ਗਏ ਘੋਲਾਂ ਦਾ ਲੇਖਾ ਜੋਖਾ ਕਰਕੇ ਇਸ ਦੌਰਾਨ ਰਹੀਆਂ ਘਾਟਾ ਕਮਜ਼ੋਰੀਆਂ ਦੇ ਸਬਕ ਕੱਢੇ ਗਏ।
ਇਸ ਮੌਕੇ ਇਜਲਾਸ ਵਿੱਚ ਹਾਜ਼ਰ ਡੇਲੀਗੇਟਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ, ਜੋ ਜ਼ਿਆਦਾਤਰ ਦਲਿਤ ਗਰੀਬ ਭਾਈਚਾਰੇ ਨਾਲ ਸਬੰਧਤ ਹਨ, ਦੀ ਸਮਾਜਿਕ ਅਤੇ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਗਰੀਬ ਵਰਗ ਨੂੰ ਪਹਿਲਾਂ ਮਿਲਦੇ ਰੁਜ਼ਗਾਰ ਦਾ ਦਾਇਰਾ ਬੇਢੱਬੇ ਮਸ਼ੀਨੀਕਰਨ ਅਤੇ ਬੇਲੋੜੇ ਪੈਸਟੀਸਾਈਡ ਨੇ ਬਹੁਤ ਹੀ ਸੀਮਤ ਕਰ ਦਿੱਤਾ ਹੈ। ਪਰ ਇਸ ਪਛੜੇਵੇਂ ਮਾਰੇ ਗਰੀਬ ਭਾਈਚਾਰੇ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੀ ਬਜਾਏ ਮਜ਼ਦੂਰਾਂ ਦੀ ਸਮਾਜਿਕ ਸਰੁੱਖਿਆ ਲਈ ਬਣੇ ਕਾਨੂੰਨ ਨੂੰ ਬਦਲ ਕੇ ਮਜ਼ਦੂਰ ਵਿਰੋਧੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਛੋਟੀ ਮੋਟੇ ਮੁਫ਼ਤ ਰਾਸ਼ਨ ਦੀ ਰਾਹਤ ਨਾਲ ਇਸ ਗਰੀਬ ਵਰਗ ਦਾ ਜੀਵਨ ਪੱਧਰ ਉੱਚਾ ਨਹੀਂ ਚੁੱਕ ਸਕਦੀ ਜੀਵਨ ਪੱਧਰ ਸਿਰਫ ਤੇ ਸਿਰਫ ਇਸ ਗਰੀਬ ਵਰਗ ਦੇ ਬੁਨਿਆਦੀ ਮੰਗਾਂ ਮਸਲੇ ਹੱਲ ਕਰਕੇ ਹੀ ਉੱਪਰ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਇਸ ਗਰੀਬ ਵਰਗ ਅਤੇ ਥੁੜ ਜ਼ਮੀਨੇ ਕਿਸਾਨਾਂ ਵਿੱਚ ਤਕਸੀਮ ਕੀਤੀਆਂ ਜਾਣ। 10-10 ਮਰਲੇ ਦੇ ਪਲਾਟ ਦੇ ਕੇ ਮਕਾਨ ਉਸਾਰੀ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣ। ਮਨਰੇਗਾ ਦਾ ਕੰਮ ਪੂਰਾ ਸਾਲ ਦਿੱਤਾ ਜਾਵੇ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ। ਮਜ਼ਦੂਰਾਂ ਨੂੰ ਸਹਿਕਾਰੀ ਅਤੇ ਸਰਕਾਰੀ ਬੈਂਕਾਂ ਤੋਂ ਕਰਜ਼ੇ ਦੇਣੇ ਯਕੀਨੀ ਬਣਾਇਆ ਜਾਵੇ। ਮਜ਼ਦੂਰਾਂ ਦੇ ਪਿਛਲੇ ਸਮੁੱਚੇ ਕਰਜ਼ੇ ਰੱਦ ਕੀਤੇ ਜਾਣ। ਇਜਲਾਸ ਵਿੱਚ ਐਲਾਨਨਾਮੇ ਅਤੇ ਵਿਧਾਨ ਤੇ ਚਰਚਾ ਕਰਨ ਤੋਂ ਬਾਅਦ ਡੇਲੀਗੇਟਾ ਵੱਲੋਂ ਸੱਤ ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ ਇਸ ਕਮੇਟੀ ਵੱਲੋਂ ਕੁਲਵੰਤ ਸੋਨੀ ਨੂੰ ਇਲਾਕਾ ਪ੍ਰਧਾਨ, ਕਰਮ ਸਿੰਘ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਨੂੰ ਇਲਾਕ਼ਾ ਸਕੱਤਰ, ਬਲਵੀਰ ਸਿੰਘ ਨੂੰ ਵਿੱਤ ਸਕੱਤਰ ਵਜੋਂ ਚੋਣ ਕਰਕੇ ਕਰਨੈਲ ਸਿੰਘ, ਬਖਤੌਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਇਲਾਕਾ ਮੈਂਬਰ ਨਿਯੁਕਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਜੋਰਾ ਸਿੰਘ, ਸੀਤਾ ਸਿੰਘ, ਪੀਤਾ ਸਿੰਘ, ਭੁੱਚਰੀ ਸਿੰਘ, ਗੁਰਚਰਨ ਸਿੰਘ, ਰਾਜ ਕੌਰ, ਹਰਬੰਸ ਕੌਰ, ਦਲਜੀਤ ਕੌਰ, ਗੋਗੀ ਕੌਰ, ਨਿੱਕੀ ਕੌਰ ਅਤੇ ਸਰਬਜੀਤ ਕੌਰ ਤੇ ਹੋਰ ਹਾਜ਼ਰ ਸਨ।