ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦਾ ਵਿਰੋਧ
ਦੀਪਕ ਠਾਕੁਰ
ਤਲਵਾੜਾ, 15 ਅਪਰੈਲ
ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੇ ਵਿਰੋਧ ’ਚ ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਇਕਾਈ ਤਲਵਾੜਾ ਮੁਕੇਰੀਆਂ ਵੱਲੋਂ 17 ਅਪਰੈਲ ਨੂੰ ਵੀਰਵਾਰ ਨੂੰ ਸਥਵਾਂ ਸਥਿਤ ਕਾਰਜਕਾਰੀ ਇੰਜਨੀਅਰ ਦਫ਼ਤਰ ਮੂਹਰੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਕੇ ਮੰਡਲ ਪੱਧਰ ’ਤੇ ਬਲਾਕ ਰਿਸੋਰਸ ਕੋਆਰਡੀਨੇਟਰ ਬੀਆਰਸੀ ਨੂੰ ਮਹੀਨੇ ’ਚ ਪੇਂਡੂ ਜਲ ਸਪਲਾਈ ਸਕੀਮ ਪੰਚਾਇਤਾਂ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਦਕਿ ਪਿੰਡਾਂ ਦੀ ਪੰਚਾਇਤਾਂ ਪਹਿਲਾਂ ਹੀ ਇਹ ਯੋਜਨਾਵਾਂ ਚਲਾਉਣ ’ਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਬਲਿਕ ਹੈਲਥ ਵਿਭਾਗ ਦੇ ਨਿੱਜੀਕਰਨ ਵਾਲੇ ਪਾਸੇ ਤੁਰੀ ਹੋਈ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਲਾਹ ਕੇ ਪੰਚਾਇਤਾਂ ਦੇ ਗਲ਼ ਪਾਉਣਾ ਚਾਹੁੰਦੀ ਹੈ ਜਦਕਿ ਪਹਿਲਾਂ ਪੰਚਾਇਤਾਂ ਹਵਾਲੇ ਕੀਤੀਆਂ ਪੇਂਡੂ ਜਲ ਸਪਲਾਈ ਸਕੀਮਾਂ ਤਰਸਯੋਗ ਹਾਲਤ ਵਿੱਚ ਹਨ।
ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲੈ ਕੇ ਜਥੇਬੰਦੀ ਨੇ 15 ਤੋਂ 30 ਅਪਰੈਲ ਤੱਕ ਉਪ ਮੰਡਲ ਡਿਵੀਜ਼ਨ ਪੱਧਰ ’ਤੇ ਧਰਨੇ ਦੇ ਕੇ ਸਰਕਾਰ ਨੂੰ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਹੈ। ਇਸ ਮਗਰੋਂ ਸਬੰਧਤ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੂੰਡੀਆਂ ਦੇ ਹਲ਼ਕੇ ’ਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਵਾਹਿਦਪੁਰੀ ਨੇ ਦੱਸਿਆ ਕਿ 17 ਤਾਰੀਕ ਨੂੰ ਤਲਵਾੜਾ ਵਿੱਚ ਵਿਭਾਗ ਦੇ ਸਥਵਾਂ ਸਥਿਤ ਦਫ਼ਤਰ ਮੂਹਰੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਪੰਚਾਇਤਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।