ਪੂਤਿਨ ਦੀ ਕੱਚੀ ਵਚਨਬੱਧਤਾ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ਦੇ ਊਰਜਾ ਢਾਂਚੇ ’ਤੇ ਹਮਲੇ 30 ਦਿਨਾਂ ਲਈ ਰੋਕਣ ਦਾ ਫ਼ੈਸਲਾ ਭਾਵੇਂ ਸ਼ਲਾਘਾਯੋਗ ਹੈ, ਪਰ ਟਕਰਾਅ ਘਟਾਉਣ ਅਤੇ ਸਥਾਈ ਸ਼ਾਂਤੀ ਲਈ ਇਹ ਇਕੱਲਾ ਕਾਫ਼ੀ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਇਸ ਅੰਸ਼ਕ ਸ਼ਾਂਤੀ ਨੂੰ ਸ਼ਾਂਤੀ ਵੱਲ ਵਧਾਇਆ ਕਦਮ ਦੱਸ ਰਹੇ ਹਨ, ਪਰ ਅਸਲੀਅਤ ਕਾਫ਼ੀ ਗੁੰਝਲਦਾਰ ਹੈ। ਮੁਕੰਮਲ ਗੋਲੀਬੰਦੀ ਤੋਂ ਇਨਕਾਰੀ ਹੋ ਕੇ ਅਤੇ ਯੂਕਰੇਨ ਨੂੰ ਪੱਛਮੀ ਫ਼ੌਜੀ ਮਦਦ ਬੰਦ ਕਰਨ ਦੀ ਮੰਗ ਕਰ ਕੇ ਪੂਤਿਨ ਅਜਿਹੀਆਂ ਸ਼ਰਤਾਂ ਰੱਖ ਰਹੇ ਹਨ ਜੋ ਸਿਰਫ਼ ਮਾਸਕੋ ਦਾ ਹੀ ਹਿੱਤ ਪੂਰਦੀਆਂ ਹਨ। ਗੋਲੀਬੰਦੀ ਸਿਰਫ਼ ਊਰਜਾ ਪੈਦਾ ਕਰਨ ਵਾਲੇ ਢਾਂਚੇ ਤੱਕ ਸੀਮਤ ਹੈ ਤੇ ਇਹ ਵਚਨਬੱਧਤਾ ਵੀ ਠੋਸ ਨਹੀਂ ਜਾਪ ਰਹੀ। ਟਰੰਪ ਨਾਲ ਪੂਤਿਨ ਦੀ ਫੋਨ ਕਾਲ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਰੂਸੀ ਡਰੋਨਾਂ ਨੇ ਯੂਕਰੇਨੀ ਸ਼ਹਿਰਾਂ ਉੱਤੇ ਹੱਲਾ ਬੋਲਿਆ ਹੈ, ਜਿਸ ਵਿੱਚ ਸੂਮੀ ਦੇ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਭਾਵੇਂ ਸੀਮਤ ਗੋਲੀਬੰਦੀ ਦੀ ਹਮਾਇਤ ਕਰ ਰਹੇ ਹਨ, ਪਰ ਚੌਕਸ ਵੀ ਹਨ। ਉਨ੍ਹਾਂ ਦੇ ਫ਼ਿਕਰ ਵਾਜਿਬ ਹਨ।
ਵਾਈਟ ਹਾਊਸ ਨੇ ਵਾਰਤਾ ਨੂੰ ਜਿਸ ਢੰਗ ਨਾਲ ਨਜਿੱਠਿਆ ਹੈ, ਸਵਾਲ ਖੜ੍ਹੇ ਹੁੰਦੇ ਹਨ। ਸਾਊਦੀ ਅਰਬ ਦੇ ਸ਼ਹਿਰ ਜੱਦਾਹ ’ਚ ਹੋ ਰਹੀ ਸ਼ਾਂਤੀ ਵਾਰਤਾ ਵਿੱਚ ਯੂਕਰੇਨ ਦੀ ਸਿੱਧੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਕੁਝ ਸਪੱਸ਼ਟ ਨਹੀਂ ਹੈ। ਟਰੰਪ ਦਾ ਦਾਅਵਾ ਕਿ ਯੂਕਰੇਨ ਨੂੰ ਫ਼ੌਜੀ ਮਦਦ ਦੇਣ ਬਾਰੇ “ਚਰਚਾ ਨਹੀਂ ਹੋਈ”, ਕਰੈਮਲਿਨ (ਰੂਸ) ਦੇ ਬਿਆਨ ਦੇ ਉਲਟ ਹੈ ਕਿ ਇਹ ਚੀਜ਼ ਰੂਸ ਦੀਆਂ ਮੰਗਾਂ ’ਚ ਸਭ ਤੋਂ ਪ੍ਰਮੁੱਖ ਹੈ। ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਸਣੇ ਹੋਰ ਯੂਰੋਪੀਅਨ ਆਗੂ ਫ਼ਿਕਰਮੰਦ ਹਨ। ਉਨ੍ਹਾਂ ਦਾ ਜ਼ੋਰ ਦੇਣਾ ਸਹੀ ਹੈ ਕਿ ਯੂਕਰੇਨ ਨੂੰ ਹੋਣ ਵਾਲੇ ਕਿਸੇ ਵੀ ਸਮਝੌਤੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਕਰਨਾ ਚਾਹੀਦਾ ਹੈ। ਇੱਕ ਅਜਿਹਾ ਸੌਦਾ ਜੋ ਰੂਸ ਦੇ ਕਬਜ਼ਿਆਂ ਨੂੰ ਵਾਜਬ ਠਹਿਰਾਏ ਜਾਂ ਯੂਕਰੇਨ ਦੀ ਫ਼ੌਜੀ ਸਮਰੱਥਾ ਨੂੰ ਕਮਜ਼ੋਰ ਸਿੱਧ ਕਰੇ, ਉਹ ਟਕਰਾਅ ਵਿੱਚ ਵਾਧੇ ਦਾ ਕਾਰਨ ਹੀ ਬਣੇਗਾ ਤੇ ਭਵਿੱਖੀ ਤਕਰਾਰ ਦਾ ਰਾਹ ਵੀ ਖੋਲ੍ਹੇਗਾ।
ਫਿਰ ਵੀ ਵਾਰਤਾ ਨੂੰ ਮੁੱਢ ਤੋਂ ਹੀ ਖਾਰਜ ਕਰਨਾ ਗ਼ਲਤੀ ਹੋਵੇਗੀ। ਇਹ ਭਿਆਨਕ ਜੰਗ ਤੀਜੇ ਸਾਲ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਹਨ, ਲੱਖਾਂ ਉੱਜੜ ਚੁੱਕੇ ਹਨ ਤੇ ਪੂਰੇ ਦੇ ਪੂਰੇ ਸ਼ਹਿਰ ਤਬਾਹ ਹੋ ਚੁੱਕੇ ਹਨ। ਟਿਕਾਊ ਸ਼ਾਂਤੀ ਹੀ ਇੱਕੋ-ਇੱਕ ਟੀਚਾ ਹੋਣਾ ਚਾਹੀਦਾ ਹੈ ਨਾ ਕਿ ਨਾਜ਼ੁਕ ਜਿਹਾ ਗੋਲੀਬੰਦੀ ਸਮਝੌਤਾ ਜੋ ਕਸ਼ਟ ਵਿੱਚ ਵਾਧਾ ਹੀ ਕਰਦਾ ਰਹੇ। ਯੂਕਰੇਨ ਦੀ ਖ਼ੁਦਮੁਖ਼ਤਾਰੀ ਤੇ ਖੇਤਰੀ ਸਥਿਰਤਾ ਦੀ ਰਾਖੀ ਲਈ ਕੂਟਨੀਤੀ ਨੂੰ ਆਰਜ਼ੀ ਗੋਲੀਬੰਦੀ ਤੋਂ ਅਗਾਂਹ ਸੋਚਣਾ ਪਏਗਾ। ਸ਼ਾਂਤੀ ਅਜਿਹੀ ਗੱਲਬਾਤ ਵਿੱਚੋਂ ਨਿਕਲਣੀ ਚਾਹੀਦੀ ਹੈ ਜਿਹੜੀ ਕੌਮਾਂਤਰੀ ਕਾਨੂੰਨਾਂ ਦਾ ਮਾਣ ਰੱਖੇ। ਤਰਕਸੰਗਤ ਹੱਲ ਪ੍ਰਤੀ ਦ੍ਰਿੜ ਵਚਨਬੱਧਤਾ ਤੋਂ ਬਿਨਾਂ ਜੰਗ ਜਾਰੀ ਰਹੇਗੀ ਅਤੇ ਇਸ ਦੀ ਵੱਡੀ ਮਾਨਵੀ ਤੇ ਵਿੱਤੀ ਕੀਮਤ ਤਾਰਨੀ ਪਏਗੀ।