For the best experience, open
https://m.punjabitribuneonline.com
on your mobile browser.
Advertisement

ਕੈਲਗਰੀ ਪੁਸਤਕ ਮੇਲੇ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ

04:42 AM Apr 09, 2025 IST
ਕੈਲਗਰੀ ਪੁਸਤਕ ਮੇਲੇ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ
Advertisement

ਹਰਚਰਨ ਸਿੰਘ ਪਰਹਾਰ
ਕੈਲਗਰੀ: ਮਾਸਟਰ ਭਜਨ ਸਿੰਘ ਤੇ ਸਾਥੀਆਂ ਵੱਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਪਿਛਲੇ ਦਿਨੀਂ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ। ਇਸ ਮੌਕੇ ’ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਵੱਲੋਂ ਪੁਸਤਕ ਮੇਲੇ ਵਿੱਚ ਸ਼ਾਮਿਲ ਹੋ ਕੇ ਕਿਤਾਬਾਂ ਖ਼ਰੀਦਣ ਲਈ ਧੰਨਵਾਦ ਕੀਤਾ। ਪੁਸਤਕ ਮੇਲੇ ਦਾ ਉਦਘਾਟਨ ਮਾਸਟਰ ਹਰਕੀਰਤ ਧਾਲੀਵਾਲ ਨੇ ਕੀਤਾ। ਉਨ੍ਹਾਂ ਇਸ ਗੱਲ ’ਤੇ ਅਫ਼ਸੋਸ ਪ੍ਰਗਟਾਇਆ ਕਿ ਪੰਜਾਬੀਆਂ ਦੇ ਘਰਾਂ ’ਚ ਸ਼ਰਾਬ ਦੀ ਬਾਰ ਤਾਂ ਆਮ ਮਿਲ ਜਾਵੇਗੀ, ਪਰ ਲਾਇਬ੍ਰੇਰੀ ਕਿਸੇ ਵਿਰਲੇ ਘਰ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਤਾਬਾਂ ਸਾਡਾ ਮਾਨਸਿਕ ਵਿਕਾਸ ਕਰਦੀਆਂ ਹਨ ਅਤੇ ਸਾਨੂੰ ਸੋਚਣ ਲਗਾਉਂਦੀਆਂ ਹਨ।
ਇਸ ਮੌਕੇ ’ਤੇ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਵਿੱਚ ਪਹਿਲੀ ਕਿਤਾਬ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਇਨਕਲਾਬੀ ਜੀਵਨ ਬਾਰੇ ‘ਦਾਸਤਨ-ਏ... ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ’ ਸੀ, ਜਿਸ ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਨੁਮਾਇੰਦਿਆਂ ਅਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸਹਿਯੋਗੀਆਂ ਵੱਲੋਂ ਰਿਲੀਜ਼ ਕੀਤਾ ਗਿਆ। ਦੂਸਰੀ ਅਜਮੇਰ ਸਿੰਘ ਦੀ ਪੁਸਤਕ ‘ਖਾੜਕੂ ਲਹਿਰਾਂ ਦੇ ਅੰਗ-ਸੰਗ ਦਾ ਕੱਚ-ਸੱਚ’ ਸੀ, ਜਿਸ ਨੂੰ ਉੱਘੇ ਪੰਜਾਬੀ ਲੇਖਕ ਅਤਰਜੀਤ ਕਹਾਣੀਕਾਰ ਵੱਲੋਂ ਲਿਖਿਆ ਗਿਆ। ਇਹ ਪੁਸਤਕ ਹਰਚਰਨ ਪਰਹਾਰ, ਰਿਸ਼ੀ ਨਾਗਰ, ਸੁਖਵੀਰ ਗਰੇਵਾਲ, ਬਲਜਿੰਦਰ ਸੰਘਾ ਸਮੇਤ ਅਨੇਕਾਂ ਹੋਰ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤੀ ਗਈ।
ਇਸ ਪੁਸਤਕ ਬਾਰੇ ਹਰਚਰਨ ਪਰਹਾਰ ਵੱਲੋਂ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਪੁਸਤਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪੁਸਤਕ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖ਼ਰੀਦੀਆਂ। ਪਾਠਕਾਂ ਵੱਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।
ਸੰਪਰਕ: 403-455-4220

Advertisement

Advertisement
Advertisement
Advertisement
Author Image

Balwinder Kaur

View all posts

Advertisement