ਪੁਲ ਦੀ ਉਸਾਰੀ ’ਚ ਦੇਰੀ ਵਿਰੁੱਧ ਪ੍ਰਦਰਸ਼ਨ
ਸਤਪਾਲ ਰਾਮਗੜ੍ਹੀਆ
ਪਿਹੋਵਾ, 8 ਅਪਰੈਲ
ਪਿਛਲੇ ਢਾਈ ਸਾਲਾਂ ਤੋਂ ਡਰੇਨ ’ਤੇ ਨਿਰਮਾਣ ਅਧੀਨ ਪੁਲ ਦਾ ਮੁੱਦਾ ਫਿਰ ਭਖ ਗਿਆ ਹੈ। ਕਿਸਾਨਾਂ ਨੇ ਉਸਾਰੀ ਦੇ ਕੰਮ ਵਿੱਚ ਦੇਰੀ ਨੂੰ ਲੈ ਕੇ ਮੌਕੇ ’ਤੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਿਹਾ ਕਿ ਜੇ ਪੁਲ ਹਫ਼ਤੇ ਵਿੱਚ ਪੂਰਾ ਨਹੀਂ ਹੋਇਆ ਅਤੇ ਖੋਲ੍ਹਿਆ ਨਹੀਂ ਗਿਆ ਤਾਂ ਕਿਸਾਨ ਆਪਣੇ ਪੱਧਰ ’ਤੇ ਇਸ ‘ਤੇ ਮਿੱਟੀ ਪਾ ਕੇ ਅਤੇ ਨਾਰੀਅਲ ਤੋੜ ਕੇ ਉਦਘਾਟਨ ਕਰਨਗੇ।
ਯੂਨੀਅਨ ਦੇ ਸੂਬਾਈ ਬੁਲਾਰੇ ਪ੍ਰਿੰਸ ਵੜੈਚ, ਬਲਾਕ ਪ੍ਰਧਾਨ ਕੰਵਲਜੀਤ ਵਿਰਕ, ਯੂਥ ਪ੍ਰਧਾਨ ਸੁਖਵਿੰਦਰ ਮੁਕੀਮਪੁਰਾ ਨੇ ਕਿਹਾ ਕਿ ਅੰਬਾਲਾ ਰੋਡ ਡਰੇਨ ’ਤੇ ਬਣਿਆ ਪੁਲ ਪਿਛਲੇ ਲਗਪਗ ਢਾਈ ਸਾਲਾਂ ਤੋਂ ਟੁੱਟਿਆ ਹੋਇਆ ਹੈ। ਸਿਰਫ਼ ਹਲਕੇ ਵਾਹਨ ਹੀ ਅਸਥਾਈ ਪੁਲੀ ਵਿੱਚੋਂ ਲੰਘ ਰਹੇ ਹਨ। ਹੁਣ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਪੁਲ ਬੰਦ ਹੋਣ ਕਾਰਨ, ਕਿਸਾਨਾਂ ਨੂੰ ਮੰਡੀ ਤੱਕ ਪਹੁੰਚਣ ਲਈ ਬਾਈਪਾਸ ਰਾਹੀਂ 7 ਤੋਂ 8 ਕਿਲੋਮੀਟਰ ਦਾ ਵਾਧੂ ਚੱਕਰ ਲਗਾਉਣਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਫ਼ਤੇ ਵਿੱਚ ਪੁਲ ਚਾਲੂ ਨਾ ਹੋਇਆ ਤਾਂ ਕਿਸਾਨ ਆਪਣੀਆਂ ਟਰਾਲੀਆਂ ਤੋਂ ਮਿੱਟੀ ਪਾ ਕੇ ਅਤੇ ਉੱਥੇ ਨਾਰੀਅਲ ਤੋੜ ਕੇ ਖੁਦ ਇਸ ਦਾ ਉਦਘਾਟਨ ਕਰਨ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਅਸਥਾਈ ਪੁਲੀ ਅਸੁਰੱਖਿਅਤ ਹੋਣ ਕਾਰਨ ਇੱਥੇ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਪਰ ਉਸਾਰੀ ਫਰਮਾਂ ਸੁਸਤ ਰਵੱਈਆ ਅਪਣਾ ਰਹੀਆਂ ਹਨ। ਇਸ ਦੌਰਾਨ ਕਿਸਾਨਾਂ ਨੇ ਨਿਰਮਾਣ ਅਧੀਨ ਪੁਲ ਸਬੰਧੀ ਤਹਿਸੀਲਦਾਰ ਵਿਨੀਤੀ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।