ਪੁਲੀਸ ਵੱਲੋਂ ਦੋ ਪਿਸਤੌਲਾਂ ਸਣੇ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸੂਚਨਾ ਦੇ ਅਧਾਰ ’ਤੇ ਇੱਕ ਵਿਅਕਤੀ ਕੋਲੋਂ ਨੌ ਐੱਮਐੱਮ ਦੇ ਦੋ ਗਲੋਕ ਪਿਸਤੌਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਇੱਕ ਵੱਖਰੀ ਘਟਨਾ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 372 ਗਰਾਮ ਆਈਸ ਡਰੱਗ ਬਰਾਮਦ ਕੀਤੀ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਵਰਿੰਦਰ ਸਿੰਘ ਵਾਸੀ ਪਿੰਡ ਮੁਗਲ ਚੱਕ ਤਰਨ ਤਾਰਨ ਵਜੋਂ ਹੋਈ ਹੈ। ਪੁਲੀਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੇਰ ਸ਼ਾਮ ਨੂੰ ਸੁਲਤਾਨਵਿੰਡ ਨੇੜੇ ਨਹਿਰ ਦੇ ਕੋਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਆਪਣੀ ਕਾਰ ਵਿੱਚ ਸਵਾਰ ਸੀ। ਸੀਆਈ ਦੀ ਟੀਮ ਨੇ ਉਸ ਨੂੰ ਰੋਕਿਆ ਅਤੇ ਉਸ ਕੋਲੋਂ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ। ਉਸ ਦਾ ਲੈਪਟਾਪ ਵੀ ਜ਼ਬਤ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕਰਕੇ ਉਸ ਕੋਲ ਪੁੱਜੇ ਸਨ। ਪੁਲੀਸ ਨੇ ਅਦਾਲਤ ਤੋਂ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੂਜੀ ਘਟਨਾ ਬਾਰੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਬੀ ਡਵੀਜ਼ਨ ਦੀ ਪੁਲੀਸ ਵੱਲੋਂ 372 ਗ੍ਰਾਮ ਆਈਸ ਡਰਗ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ।
ਅੰਮ੍ਰਿਤਸਰ ’ਚ ਤਲਾਸ਼ੀ ਮੁਹਿੰਮ ਚਲਾਈ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਪੁਲੀਸ ਵੱਲੋਂ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਅੱਜ ਸ਼ਹਿਰ ਦੇ ਤਿੰਨ ਜ਼ੋਨਾਂ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਮਕਬੂਲਪੁਰਾ, ਮੋਹਕਮਪੁਰਾ, ਗੇਟ ਹਕੀਮਾ, ਫਤਿਹ ਸਿੰਘ ਕਲੋਨੀ, ਪਿੰਡ ਸੁਲਤਾਨਵਿੰਡ ,ਅਨਗੜ੍ਹ, ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵਨਿਊ, ਫੈਜਪੁਰਾ ਨਵੀਂ ਆਬਾਦੀ, ਮੁਸਤਫਾ ਬਾਦ, ਕਪਤਗੜ੍ਹ, ਕਾਲੇ ਘੰਨਪੁਰ, ਗੁਰੂ ਤੇਗ ਬਹਾਦਰ ਨਗਰ ਫਲੈਟ, ਗੁਰੂ ਕੀ ਵਡਾਲੀ, ਭਰਾੜੀਵਾਲ, ਗੁਜਰਪੁਰਾ, ਬੱਸ ਅੱਡਾ ਆਦਿ ਖੇਤਰਾਂ ਵਿੱਚ ਜਾਂਚ ਕੀਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਰਚ ਆਪਰੇਸ਼ਨ ਦਾ ਮੁੱਖ ਮੰਤਵ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ, ਨਸ਼ੇ ਦੀ ਰੋਕਥਾਮ ਲਈ ਖੌਫ ਪੈਦਾ ਕਰਨਾ ਤਾਂ ਜੋ ਨਸ਼ੇ ਦਾ ਕਾਰੋਬਾਰ ਛੱਡ ਦੇਣ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।