ਪੁਲੀਸ ਵੱਲੋਂ ਤ੍ਰਿਵੇਦੀ ਕੈਂਪ ’ਚ ਤਲਾਸ਼ੀ ਮੁਹਿੰਮ
ਹਰਜੀਤ ਸਿੰਘ
ਡੇਰਾਬੱਸੀ, 3 ਫਰਵਰੀ
ਪੁਲੀਸ ਵੱਲੋਂ ਅੱਜ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਤ੍ਰਿਵੇਦੀ ਕੈਂਪ ਵਿੱਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲੀਸ ਨੇ ਕੁਝ ਘਰਾਂ ਅਤੇ ਖਾਲੀ ਥਾਵਾਂ ਦੀ ਤਲਾਸ਼ੀ ਲਈ। ਜਾਣਕਾਰੀ ਦਿੰਦਿਆਂ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੂਰੇ ਸੂਬੇ ਵਿੱਚ ਭੈੜੇ ਪੁਰਸ਼ਾਂ ਖ਼ਿਲਾਫ਼ ਅਪਰੇਸ਼ਨ ਕਾਰਡਨ ਐਂਡ ਸਰਚ (ਕਾਸੋ) ਇਹ ਮੁਹਿੰਮ ਚਲਾਈ ਗਈ।
ਇਸ ਅਪਰੇਸ਼ਨ ਲਈ ਪੰਜ ਟੀਮਾਂ ਬਣਾਈਆਂ ਗਈਆਂ ਸਨ। ਇਨ੍ਹਾਂ ਟੀਮਾਂ ਦੀ ਅਗਵਾਈ ਡੇਰਾਬੱਸੀ, ਲਾਲੜੂ ਦੇ ਥਾਣਾ ਮੁਖੀ ਅਤੇ ਵੱਖ ਵੱਖ ਪੁਲੀਸ ਚੌਕੀਆਂ ਦੇ ਇੰਚਾਰਜਾਂ ਵੱਲੋਂ ਕੀਤੀ ਗਈ। ਟੀਮਾਂ ਵੱਲੋਂ ਪਿੰਡ ਵਿੱਚ ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਟੀਮ ਵੱਲੋਂ ਪੂਰੇ ਪਿੰਡ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਚਾਲੂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਰਾਣੀ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੀ ਪੂਰੀ ਜਾਣਕਾਰੀ ਇਕੱਤਰ ਕੀਤੀ ਗਈ।
ਘਰ ਵਿੱਚੋਂ ਗਹਿਣੇ ਤੇ ਨਕਦੀ ਚੋਰੀ
ਇਥੋਂ ਦੇ ਨੇੜਲੇ ਤ੍ਰਿਵੇਦੀ ਕੈਂਪ ਵਿਖੇ ਚੋਰਾਂ ਨੇ ਲੰਘੀ ਰਾਤ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਗਹਿਣੇ ਚੋਰ ਕਰ ਲਏ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਵਿਕਰਾਂਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਅੰਮ੍ਰਿਤਸਰ ਗਿਆ ਹੋਇਆ ਸੀ। ਸਵੇਰ ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ। ਉਸ ਨੇ ਵਾਪਸ ਆ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਚੋਰ ਘਰ ਦੀ ਅਲਮਾਰੀ ਵਿੱਚ ਪਏ 25 ਹਜ਼ਾਰ ਦੀ ਨਕਦੀ, ਦੋ ਤੋਲੇ ਸੋਨੇ ਦੇ ਗਹਿਣੇ, ਬੱਚਿਆਂ ਦੇ ਸੋਨੇ ਦੇ ਕੜੇ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।