ਸਰਬਜੀਤ ਸਿੰਘ ਭੰਗੂਪਟਿਆਲਾ, 7 ਜੂਨਇੱਥੇ ਅੱਜ ਅਰਬਨ ਅਸਟੇਟ ਖੇਤਰ ’ਚ ਪੁਲੀਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੈਂਗਸਟਰ ਦੀ ਲੱਤ ’ਚ ਗੋਲੀ ਲੱਗੀ, ਜਿਸ ਦੀ ਪਛਾਣ ਸੰਨੀ ਕੁਮਾਰ ਉਰਫ਼ ਤਾਰੀ ਵਜੋਂ ਹੋਈ ਹੈ। ਮੁਲਜ਼ਮ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।ਘਟਨਾ ਸਥਾਨ ’ਤੇ ਪੁੱਜੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਗ੍ਰਿਫ਼ਤਾਰੀ ਐੱਸਪੀ (ਡੀ) ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਅਮਲ ’ਚ ਲਿਆਂਦੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਹ ਮਿਲਣ ’ਤੇ ਜਦੋਂ ਇੰਸਪੈਟਰ ਪਰਦੀਪ ਬਾਜਵਾ ਤੇ ਟੀਮ ਨੇ ਅਰਬਨ ਅਸਟੇਟ ਖੇਤਰ ’ਚ ਸਥਿਤ ਸਾਧੂ ਬੇਲਾ ਘੁੰਮ ਰਹੇ ਇਸ ਗੈਂਗਸਟਰ ਨੂੰ ਘੇਰਨ ਦੀ ਕੋਸਿਸ਼ ਕੀਤੀ ਤਾਂ ਉਸ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੇ ਪੁਲੀਸ ’ਤੇ ਤਿੰਨ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਇੱਕ ਗੋਲੀ ਮੁਲਜ਼ਮ ਦੀ ਲੱਤ ’ਚ ਲੱਗੀ। ਇਸ ਮਗਰੋਂ ਉਸ ਨੂੰ 32 ਬੋਰ ਦੇ ਪਿਸਤੌਲ ਸਣੇ ਗ੍ਰਿਫਤਾਰ ਕਰ ਲਿਆ ਗਿਆ ਹੈ।ਐੱਸਐੱਸਪੀ ਨੇ ਦੱਸਿਆ ਕਿ ਇਸ ਗੈਂਗਸਟਰ ਖ਼ਿਲਾਫ਼ ਪਹਿਲਾਂ ਡਕੈਤੀ, ਲੁੱਟ ਖੋਹ ਸਮੇਤ ਹੋਰ ਵਾਰਦਾਤਾਂ ’ਤੇ ਆਧਾਰਿਤ ਵੱਖ ਵੱਖ ਥਾਣਿਆਂ ’ਚ 17 ਤੋਂ ਵੱਧ ਕੇਸ ਦਰਜ ਹਨ ਤੇ ਇੱਕ ਹੋਰ ਕੇਸ ਹੁਣ ਥਾਣਾ ਅਰਬਨ ਅਸਟੇਟ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਲਡੀ ਢਿੱਲੋਂ ਦੇ ਗੈਂਗ ਦਾ ਮੈਂਬਰ ਹੈ ਅਤੇ ਇਹ ਗਰੋਹ ਵੱਲੋਂ ਫਿਰੌਤੀਆਂ ਮੰਗਣ ਸਣੇ ਹੋਰ ਵਾਰਦਾਤਾਂ ’ਚ ਵੀ ਸ਼ੁਮਾਰ ਹੈ।