ਪੁਲੀਸ ਨੇ ਸੁਜਾਨਪੁਰ ਦੇ ਮੁਹੱਲਾ ਪ੍ਰੇਮ ਨਗਰ ਵਿੱਚ ਛਾਪੇ ਮਾਰੇ

ਛਾਪੇ ਦੌਰਾਨ ਫੜੀਆਂ ਗਈਆਂ ਨਜਾਇਜ਼ ਸ਼ਰਾਬ ਦੀਆਂ ਕੈਨੀਆਂ।

ਪੱਤਰ ਪ੍ਰੇਰਕ
ਪਠਾਨਕੋਟ, 12 ਅਗਸਤ
ਅੱਜ ਸਵੇਰੇ 6 ਵਜੇ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਵਿੱਚ ਅਧਿਕਾਰੀਆਂ ਵੱਲੋਂ ਪੁਲੀਸ ਪਾਰਟੀ ਨਾਲ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਡੀਐਸਪੀ ਧਾਰ ਆਸਵੰਤ ਸਿੰਘ, ਡੀਐਸਪੀ ਰਾਜੇਸ਼ ਮੱਟੂ, ਨਾਰਕੋਟਿਕਸ ਦੇ ਡੀਐਸਪੀ ਲਲਿਤ ਕੁਮਾਰ, ਥਾਣਾ ਮੁੱਖੀ ਅਸ਼ਵਨੀ ਕੁਮਾਰ ਨੇ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਸਮੇਤ ਹਿੱਸਾ ਲਿਆ। 7 ਜਣਿਆਂ ਕੋਲੋਂ 740 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਕਾਰ, 6 ਮੋਟਰਸਾਈਕਲ ਪੁਲੀਸ ਵੀ ਫੜੇ ਜਿੰਨ੍ਹਾਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਜੋ ਕਾਰ ਫੜੀ ਗਈ ਹੈ ਉਸ ’ਤੇ ਗਲਤ ਨੰਬਰ ਪਲੇਟ ਲੱਗੀ ਹੋਈ ਹੈ। ਡੀਐਸਪੀ ਆਸਵੰਤ ਸਿੰਘ ਅਤੇ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ 7 ਮਾਮਲੇ ਦਰਜ ਕੀਤੇ ਗਏ ਹਨ ਜਿਸ ਵਿੱਚ ਲੀਲੋ ਕੋਲੋਂ 100 ਬੋਤਲ, ਰਾਣੀ ਕੋਲੋਂ 100 ਬੋਤਲ, ਧਰਮਪਾਲ ਉਰਫ ਧੰਮੀ ਕੋਲੋਂ 80 ਬੋਤਲ, ਅਸ਼ਵਨੀ ਕੁਮਾਰ ਕੋਲੋਂ 80 ਬੋਤਲ, ਸੀਮਾ ਕੋਲੋਂ 100 ਬੋਤਲ, ਲਖਬੀਰ ਸਿੰਘ ਕੋਲੋਂ 100 ਬੋਤਲ, ਅਤੇ ਰਮਨਦੀਪ ਕੋਲੋਂ 180 ਬੋਤਲ ਨਜਾਇਜ਼ ਸ਼ਰਾਬ ਫੜੀ ਗਈ ਹੈ ਅਤੇ ਇਹ ਸਾਰੇ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਦੇ ਰਹਿਣ ਵਾਲੇ ਹਨ ਤੇ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਦੋ ਜਣਿਆਂ ਤੋਂ ਚਿੱਟਾ ਅਤੇ ਤਿੰਨ ਲੱਖ ਡਰੱਗ ਮਨੀ ਬਰਾਮਦ

ਬਟਾਲਾ (ਖੇਤਰੀ ਪ੍ਰਤੀਨਿਧ): ਪੁਲੀਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਇੱਕ ਔਰਤ ਸਣੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਿੱਟਾ ਅਤੇ 3 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਏ ਹਨ। ਥਾਣਾ ਸਿਟੀ ਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਬਟਾਲਾ ਦੇ ਖਜੂਰੀ ਗੇਟ ਤੋਂ ਇੱਕ ਸ਼ੱਕੀ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 10 ਗ੍ਰਾਮ ਚਿੱਟਾ, 40 ਗ੍ਰਾਮ ਚਰਸ ਅਤੇ 3 ਲੱਖ 8 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
ਐਸਆਈ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਉਕਤ ਔਰਤ ਨੇ ਮੰਨਿਆ ਕਿ ਇਹ ਪੈਸੇ ਨਸ਼ਾ ਵੇਚ ਕੇ ਇਕੱਠੇ ਕੀਤੇ ਹਨ। ਪੁਲੀਸ ਨੇ ਮੁਲਜ਼ਮ ਔਰਤ ਦੀ ਪਛਾਣ ਪ੍ਰੀਤੀ ਵਾਸੀ ਖਜੂਰੀ ਗੇਟ ਬਟਾਲਾ ਵਜੋਂ ਦੱਸੀ ਹੈ। ਦੂਸਰੇ ਮਾਮਲੇ ਵਿੱਚ ਥਾਣਾ ਘੁਮਾਣ ਦੇ ਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਊਧਨਵਾਲ ਘੁਮਾਣ ਮੋੜ ’ਤੇ ਨਾਕੇ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਚਿੱਟਾ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਵਾਸੀ ਹਰਪੁਰਾ ਵਜੋਂ ਦੱਸੀ ਹੈ। ਪੁਲੀਸ ਨੇ ਉਕਤ ਦੋਵਾਂ ਮਾਮਲਿਆਂ ਵਿੱਚ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।