ਪੁਲੀਸ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਹਿਰਾਸਤ ਵਿੱਚ ਲਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਦਿੱਲੀ ਪੁਲੀਸ ਵੱਲੋਂ ਮੰਗਲਵਾਰ ਨੂੰ ਕਾਲਕਾਜੀ ਖੇਤਰ ਵਿੱਚ ਝੁੱਗੀਆਂ ਝੌਂਪੜੀਆਂ ਦੀ ਕਲੋਨੀ ਢਾਹੁਣ ਵਿਰੋਧੀ ਪ੍ਰਦਰਸ਼ਨ ਵਾਲੀ ਥਾਂ ਤੋਂ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਨੂੰ ਭੂਮੀਹੀਣ ਕੈਂਪ ਵਿੱਚ ਘਰ ਖਾਲੀ ਨਾ ਕਰਨ ਲਈ ਕਹਿ ਰਹੀ ਸੀ। ਦਿੱਲੀ ਹਾਈ ਕੋਰਟ ਨੇ ਪਹਿਲਾਂ ਝੁੱਗੀ-ਝੌਂਪੜੀ ਵਾਲਿਆਂ ਦੀਆਂ ਆਉਣ ਵਾਲੀਆਂ ਬੇਦਖ਼ਲੀ ਅਤੇ ਉਸਾਰੀਆਂ ਢਾਹੁਣ ਵਿਰੁੱਧ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਪੁਲੀਸ ਅਨੁਸਾਰ ਆਤਿਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਦੋਂ ਕਿ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਲਕਾਜੀ ਤੋਂ 43 ਕਿਲੋਮੀਟਰ ਦੂਰ ਬਾਬਾ ਹਰੀਦਾਸ ਨਗਰ ਥਾਣਾ (ਝੜੌਦਾ ਕਲਾਂ) ਵਿਖੇ ਨਜ਼ਰਬੰਦ ਕੀਤਾ ਗਿਆ|
ਆਤਿਸ਼ੀ ਨੂੰ ਮੰਗਲਵਾਰ ਨੂੰ ਉਦੋਂ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਕਾਲਕਾਜੀ ਵਿੱਚ ਭੂਮੀਹੀਣ ਕੈਂਪ ਵਿੱਚ ਤੋੜ ਫੋੜ ਦੇ ਵਿਰੋਧ ਵਿੱਚ ਹਿੱਸਾ ਲੈ ਰਹੀ ਸੀ। ਇਹ ਪ੍ਰਦਰਸ਼ਨ ਦਿੱਲੀ ਸਰਕਾਰ ਸਣੇ ਹੋਰ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਤੋੜਫੋੜ ਦਾ ਵਿਰੋਧ ਵਿੱਚ ਕੀਤਾ ਗਿਆ ਸੀ। ਭਾਰਤੀ ਜਨਤਾ ਪਾਰਟੀ ‘ਤੇ ਭੂਮੀਹੀਣ ਕੈਂਪ ‘ਤੇ ਬੁਲਡੋਜ਼ਰ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਆਤਿਸ਼ੀ ਨੇ ਦਾਅਵਾ ਕੀਤਾ ਕਿ ਭੂਮੀਹੀਣ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਝੁੱਗੀ-ਝੋਂਪੜੀ ਬਸਤੀ ਵਿੱਚ ਰਿਹਾਇਸ਼ੀ ਖੇਤਰ ’ਤੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਬੇਦਖ਼ਲੀ ਲਈ ਨੋਟਿਸ ਲਗਾਏ ਗਏ ਹਨ, ਜਿਸ ਨਾਲ ‘ਕਬਜ਼ਿਆਂ ਵਾਲਿਆਂ’ ਨੂੰ ਥਾਂ ਖਾਲੀ ਕਰਨ ਜਾਂ ਨਤੀਜੇ ਭੁਗਤਣ ਲਈ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਐਕਸ ‘ਤੇ ਇੱਕ ਪੋਸਟ ਵਿੱਚ ਆਤਿਸ਼ੀ ਨੇ ਕਿਹਾ ਕਿ ਭਾਜਪਾ ਕਾਲਕਾਜੀ ਵਿੱਚ ਬੇਜ਼ਮੀਨੇ ਕੈਂਪ ਨੂੰ ਬੁਲਡੋਜ਼ਰ ਨਾਲ ਢਾਹੁਣ ਜਾ ਰਹੀ ਹੈ। ਜਦੋਂ ਉਨ੍ਹਾਂ ਲੋਕਾਂ ਨੇ ਆਪਣੀ ਆਵਾਜ਼ ਉਠਾਈ, ਤਾਂ ਪੁਲੀਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ। ਜਦੋਂ ਉਹ ਸਥਾਨਕ ਵਾਸੀਆਂ ਨੂੰ ਮਿਲਣ ਲਈ ਉੱਥੇ ਗਈ ਤਾਂ ਉਸ ਨੂੰ ਵੀ ਭਾਜਪਾ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਇੱਕ ਹੋਰ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਕੱਲ੍ਹ ਭਾਜਪਾ ਬੇਜ਼ਮੀਨੇ ਕੈਂਪ ‘ਤੇ ਬੁਲਡੋਜ਼ਰ ਚਲਾਉਣ ਜਾ ਰਹੀ ਹੈ। ਅੱਜ ਝੁੱਗੀ-ਝੌਂਪੜੀ ਵਾਲੇ ਵਿਰੋਧ ਕਰਨ ਜਾ ਰਹੇ ਸਨ ਇਸ ਲਈ ਭਾਜਪਾ ਸਰਕਾਰ ਨੇ ਹਜ਼ਾਰਾਂ ਪੁਲੀਸ ਅਤੇ ਸੀਆਰਪੀਐਫ ਭੇਜੇ ਹਨ। ਉਧਰ, ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਕਿਹਾ ਸੀ ਕਿ ਅਧਿਕਾਰੀ ਅਦਾਲਤਾਂ ਵੱਲੋਂ ਜਾਰੀ ਕੀਤੇ ਗਏ ਢਾਹੁਣ ਦੇ ਹੁਕਮਾਂ ਦੇ ਵਿਰੁੱਧ ਨਹੀਂ ਜਾ ਸਕਦੇ। ਇਸ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਵਿਸਥਾਪਿਤ ਨਿਵਾਸੀਆਂ ਨੂੰ ਰਿਹਾਇਸ਼ ਦਿੱਤੀ ਗਈ ਹੈ।
ਗਰੀਬਾਂ ਨੂੰ ਬੇਘਰ ਕਰ ਰਹੀ ਹੈ ਭਾਜਪਾ ਸਰਕਾਰ: ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂਆਂ ਨੇ ਇਸ ਕਾਰਵਾਈ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਗਰੀਬਾਂ ਲਈ ਆਵਾਜ਼ ਉਠਾਉਣ ਲਈ ਸਾਡੇ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਤਾਨਾਸ਼ਾਹੀ ਹੈ। ਇੱਕ ਹੋਰ ਪੋਸਟ ਵਿੱਚ ਕੇਜਰੀਵਾਲ ਨੇ ਕਿਹਾ ਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਭਾਜਪਾ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਭਾਜਪਾ ਸਰਕਾਰ ਪੂਰੀ ਦਿੱਲੀ ਵਿੱਚ ਗਰੀਬਾਂ ਦੇ ਘਰ ਤਬਾਹ ਕਰ ਰਹੀ ਹੈ, ਲੋਕਾਂ ਨੂੰ ਬੇਘਰ ਕਰ ਰਹੀ ਹੈ। ਜਦੋਂ ਆਮ ਆਦਮੀ ਪਾਰਟੀ ਗਰੀਬਾਂ ਦੇ ਨਾਲ ਖੜ੍ਹੀ ਹੁੰਦੀ ਹੈ ਅਤੇ ਆਪਣੀ ਆਵਾਜ਼ ਉਠਾਉਂਦੀ ਹੈ ਤਾਂ ਸਾਡੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਅੱਜ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਤਾਨਾਸ਼ਾਹੀ ਹੈ। ਭਾਜਪਾ ਸਾਨੂੰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਪਰ ‘ਆਪ’ ਆਗੂ ਦਿੱਲੀ ਦੇ ਆਮ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।