ਪੁਲੀਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ
ਪੱਤਰ ਪ੍ਰੇਰਕ
ਜਲੰਧਰ, 18 ਜਨਵਰੀ
ਕਮਿਸ਼ਨਰੇਟ ਪੁਲੀਸ ਜਲੰਧਰ ਨੇ ਅੱਜ ਤਿੰਨ ਦਿਨਾਂ ਟਰੈਫਿਕ ਐਨਫੋਰਸਮੈਂਟ ਮੁਹਿੰਮ ਦੀ ਸਮਾਪਤੀ ਕਰਦਿਆਂ 87 ਚਲਾਨ ਕੀਤੇ, ਸੱਤ ਵਾਹਨ ਜ਼ਬਤ ਕੀਤੇ ਅਤੇ 480 ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਟਰੈਫਿਕ ਉਲੰਘਣਾ ਨਾਲ ਨਜਿੱਠਣ ਅਤੇ ਸੜਕ ਸੁਰੱਖਿਆ ਵਧਾਉਣ ਲਈ ਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਵਿੱਚ ਉੱਚ ਟ੍ਰੈਫਿਕ ਅਤੇ ਵਪਾਰਕ ਖੇਤਰਾਂ ਵਿੱਚ ਰਣਨੀਤਕ ਤੌਰ ’ਤੇ ਨਾਕੇ ਲਾਏ ਗਏ ਸਨ, ਜਿੱਥੇ ਅਧਿਕਾਰੀਆਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ। ਇਸ ਦੌਰਾਨ ਮੋਟਰਸਾਈਕਲ ’ਤੇ ਤਿੰਨ ਸਵਾਰੀਆਂ ਲਈ ਕੁੱਲ 16, ਬਿਨਾਂ ਹੈਲਮਟ ਤੋਂ ਸਵਾਰੀ ਕਰਨ ਵਾਲੇ 15, ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ 17, ਕਾਲੇ ਰੰਗ ਦੀਆਂ ਖਿੜਕੀਆਂ ਵਾਲੇ 17, ਮੋਡੀਫਾਈਡ ਬੁਲੇਟ ਮੋਟਰਸਾਈਕਲਾਂ ਦੇ ਅੱਠ ਅਤੇ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਣ ਦੇ 7 ਚਲਾਨ ਕੀਤੇ ਗਏ। ਵੈਧ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਹਿਣ ਕਾਰਨ ਸੱਤ ਵਾਹਨ ਜ਼ਬਤ ਕੀਤੇ ਗਏ ਸਨ।
ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਅਤੇ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸ) ਜ਼ੋਨ ਇੰਚਾਰਜਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਦੀ ਅਗਵਾਈ ਏਰੀਆ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਅਤੇ ਏਸੀਪੀ ਟਰੈਫਿਕ ਨੇ ਕੀਤੀ।
ਜਲੰਧਰ ਸਣੇ ਚਾਰ ਸ਼ਹਿਰਾਂ ’ਚ 26 ਤੋਂ ਹੋਣਗੇ ਆਨਲਾਈਨ ਚਲਾਨ
ਚੰਡੀਗੜ੍ਹ ਦੀ ਤਰਜ਼ ’ਤੇ ਹੁਣ ਪੰਜਾਬ ’ਚ ਵੀ ਆਨਲਾਈਨ ਚਲਾਨ ਕੀਤੇ ਜਾਣਗੇ। ਇਹ ਪ੍ਰਣਾਲੀ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੁਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਾਮਲ ਹਨ। ਟਰੈਫਿਕ ਸਿਗਨਲਾਂ ’ਤੇ ਲਾਏ ਗਏ ਸੀਸੀਟੀਵੀ ਕੈਮਰਿਆਂ ਦਾ ਟ੍ਰਾਇਲ ਪੂਰਾ ਹੋ ਗਿਆ ਹੈ। ਇਸ ਲਈ ਇਨ੍ਹਾਂ ਸ਼ਹਿਰਾਂ ’ਚ 26 ਜਨਵਰੀ ਤੋਂ ਇਹ ਪ੍ਰਣਾਲੀ ਲਾਗੂ ਕਰ ਦਿੱਤੀ ਜਾਵੇਗੀ। ਹੁਣ ਇਨ੍ਹਾਂ ਸ਼ਹਿਰਾਂ ’ਚ ਟਰੈਫਿਕ ਵਿਵਸਥਾ ਟਰੈਫਿਕ ਪੁਲੀਸ ਦੇ ਨਾਲ-ਨਾਲ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ’ਚ ਰਹੇਗੀ। ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਕੈਮਰਿਆਂ ਲਈ ਕੰਟਰੋਲ ਰੂਮ ਬਣਾਏ ਗਏ ਹਨ, ਜਿੱਥੇ ਟਰੈਫਿਕ ਪੁਲੀਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ। ਇੱਥੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਿਆਰ ਕੀਤੇ ਜਾਣਗੇ ਅਤੇ ਡਾਕ ਰਾਹੀਂ ਘਰ ਪਹੁੰਚਾਏ ਜਾਣਗੇ।