ਪੁਲੀਸ ਨੇ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਚਲਾਈ ਤਲਾਸ਼ੀ ਮੁਹਿੰਮ
ਪੱਤਰ ਪ੍ਰੇਰਕ
ਕੋਟਕਪੂਰਾ, 11 ਮਾਰਚ
ਕੋਟਕਪੂਰਾ ਪੁਲੀਸ ਨੇ ਅੱਜ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲਿਆਂ ਦੀ ਤਲਾਸ਼ੀ ਲਈ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਟੀਮਾਂ ਦੇ ਨਾਲ-ਨਾਲ ਐਂਟੀ ਸਾਬੋਤਾਜ ਟੀਮ ਅਤੇ ਡੌਗ ਸਕੁਐੱਡ ਨੇ ਵੀ ਸਹਿਯੋਗ ਦਿੱਤਾ। ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਆਉਣ ਅਤੇ ਜਾਣ-ਵਾਲੀਆਂ ਗੱਡੀਆਂ ਅਤੇ ਸ਼ੱਕੀ ਸਾਮਾਨ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਸ਼ੱਕੀ ਵਿਅਕਤੀਆਂ ਉਪਰ ਡਰੋਨ ਰਾਹੀਂ ਨਜ਼ਰ ਰੱਖੀ ਗਈ। ਡੀਐੱਸਪੀ ਨੇ ਦੱਸਿਆ ਕਿ ਸਾਰੇ ਪੁਲੀਸ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਤਲਾਸ਼ੀ ਦੌਰਾਨ ਹਰ ਵਿਅਕਤੀ ਨਾਲ ਵਧੀਆਂ ਅਤੇ ਸਹਿਜ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਰੇਲਵੇ ਸਟੇਸ਼ਨਾ ’ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ 100 ਦੇ ਕਰੀਬ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਜਿਨ੍ਹਾਂ ਨੇ 95 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨਾਂ ਦੀ ਪਾਰਕਿੰਗ ਅਤੇ ਆਸ-ਪਾਸ ਖੜ੍ਹੇ ਵਾਹਨਾਂ ਦੀ ਵੀ ਵਾਹਨ ਐੱਪ ਦੀ ਸਹਾਇਤਾ ਨਾਲ ਜਾਂਚ ਕੀਤੀ ਗਈ।