ਪੁਲੀਸ ਦੇ ਡੰਡੇ ਨੇ ਫੜ੍ਹੀ ਵਾਲਿਆਂ ਦੀ ਲਿਆਂਦੀ ਸ਼ਾਮਤ

ਫੜ੍ਹੀ ਵਾਲਿਆਂ ਦੀਆਂ ਲਾਵਾਰਸ ਪਈਆਂ ਸਬਜੀਆਂ ਨੂੰ ਪਸ਼ੂ ਖਾਂਦੇ ਹੋਏ।

ਐੱਨ ਪੀ ਧਵਨ
ਪਠਾਨਕੋਟ, 25 ਮਾਰਚ
ਪਠਾਨਕੋਟ ਸ਼ਹਿਰ ਅੰਦਰ ਕਰਫਿਊ ਦੌਰਾਨ ਪ੍ਰਸ਼ਾਸਨ ਦੀ ਸਖ਼ਤੀ ਦਾ ਖਮਿਆਜ਼ਾ ਸ਼ਹਿਰ ਦੀ ਪ੍ਰਮੁੱਖ ਸਬਜ਼ੀ ਮੰਡੀ ਅੰਦਰ ਫਰੂਟ ਵਿਕਰੇਤਾਵਾਂ ਅਤੇ ਫੜੀ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਥੇ ਪੁਲੀਸ ਦਾ ਡੰਡਾ ਕਹਿਰਾਂ ਨਾਲ ਚੱਲ ਰਿਹਾ ਹੈ ਜਿਸ ਕਾਰਨ ਮੰਡੀ ਵਿੱਚ ਪਈਆਂ ਹੋਈਆਂ ਸਬਜ਼ੀਆਂ ਤੇ ਫ਼ਲ ਖਰਾਬ ਹੋ ਰਿਹਾ ਹੈ। ਖਰਾਬ ਹੋ ਰਹੀਆਂ ਸਬਜ਼ੀਆਂ ਤਾਂ ਉਥੇ ਅਵਾਰਾ ਪਸ਼ੂਆਂ ਲਈ ਰਾਹਤ ਬਣ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਮੰਡੀ ਵਿੱਚ ਜਾਇਜ਼ਾ ਲੈਣ ਨਹੀਂ ਪੁੱਜਿਆ। ਪ੍ਰਸ਼ਾਸਨ ਦੇ ਅਧਿਕਾਰੀ ਵੀ ਦਫਤਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ ਅਤੇ ਉਥੋਂ ਹੀ ਫ਼ਰਮਾਨ ਜਾਰੀ ਕਰ ਰਹੇ ਹਨ ਜਦਕਿ ਲੋਕਾਂ ਦੀਆਂ ਮੁਸੀਬਤਾਂ ਦਿਨ-ਬ-ਦਿਨ ਵਧ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਰਾਸ਼ਨ ਦੀਆਂ ਦੁਕਾਨਾਂ ਖੋਲ੍ਹਣ ਦੇ ਕੀਤੇ ਜਾ ਰਹੇ ਐਲਾਨ ਵੀ ਹਵਾਈ ਬਣਦੇ ਨਜ਼ਰ ਆ ਰਹੇ ਹਨ ਜਿਸ ਕਰਕੇ ਦਿਹਾੜੀਦਾਰ ਲੋਕਾਂ ਦਾ ਜਿਥੇ ਰੁਜ਼ਗਾਰ ਖੁੱਸ ਗਿਆ ਹੈ ਉਥੇ ਉਹ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣ ਤੋਂ ਵੀ ਲਾਚਾਰ ਹੋ ਰਹੇ ਹਨ। ਇਸ ਪੱਤਰਕਾਰ ਨੇ ਅੱਜ ਜਦ ਸ਼ਹਿਰ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅਬੋਹਰ ਦਾ ਅਸ਼ੋਕ ਕੁਮਾਰ ਨਾਂ ਦਾ ਇੱਕ ਫਰੂਟ ਵਿਕਰੇਤਾ ਜੋ ਕਿੰਨੂਆਂ ਦੀ ਟਾਟਾ ਫੋਰਵੀਲ੍ਹਰ ਗੱਡੀ ਭਰ ਕੇ ਲਿਆਇਆ ਹੋਇਆ ਸੀ, ਨਾ ਵਿਕਣ ਕਾਰਨ ਬਹੁਤ ਪ੍ਰੇਸ਼ਾਨ ਸੀ। ਉਸ ਦਾ ਕਹਿਣਾ ਸੀ ਕਿ ਉਹ ਸ਼ਨਿਚਰਵਾਰ ਸ਼ਾਮ ਨੂੰ ਕਿੰਨੂ ਇੱਥੇ ਥੋਕ ਵਿੱਚ ਵੇਚਣ ਨੂੰ ਲਿਆਇਆ ਸੀ ਅਤੇ ਅਗਲੇ ਦਿਨ ਐਤਵਾਰ ਹੋਣ ਕਰ ਕੇ ਮੰਡੀ ਬੰਦ ਸੀ ਤੇ ਫੇਰ ਕਰਫਿਊ ਲੱਗ ਗਿਆ। ਉਸ ਦਿਨ ਦਾ ਹੀ ਉਹ ਇਥੇ ਬੈਠਾ ਹੈ ਤੇ ਕਿੰਨੂਆਂ ਦੇ ਕਰੇਟ ਉਲੀ ਲੱਗ ਜਾਣ ਨਾਲ ਖਰਾਬ ਹੋਣੇ ਸ਼ੁਰੂ ਹੋ ਗਏ ਹਨ। ਉਸ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਅਧਿਕਾਰੀ ਰੋਜ਼ ਬਿਆਨ ਦੇ ਦਿੰਦੇ ਹਨ ਕਿ ਮੰਡੀ ਸਵੇਰ ਵੇਲੇ ਇੱਕ ਘੰਟਾ ਖੁੱਲ੍ਹੇਗੀ ਪਰ ਇਥੇ ਮੌਜੂਦ ਪੁਲੀਸ ਰੋਜ਼ਾਨਾ ਹੀ ਡੰਡੇ ਮਾਰ ਕੇ ਲੋਕਾਂ ਨੂੰ ਭਜਾ ਦਿੰਦੀ ਹੈ। ਕਿੰਨੂਆਂ ਨੂੰ ਡੰਗਰਾਂ ਮੂਹਰੇ ਪਾ ਰਿਹਾ ਹੈ। ਇਸ ਕਾਰਨ ਉਸ ਦਾ ਲੱਖ ਰੁਪਏ ਦਾ ਨੁਕਸਾਨ ਹੋਵੇਗਾ। ਉਸ ਦਾ ਕਹਿਣਾ ਸੀ ਕਿ ਕਿੰਨੂਆਂ ਦੀ ਤੁੜਾਈ ਅਤੇ ਕਿਰਾਇਆ ਹੀ 30 ਹਜ਼ਾਰ ਰੁਪਏ ਦਾ ਹੈ। ਪੁਲੀਸ ਦੀ ਸਖ਼ਤੀ ਕਾਰਨ ਸਬਜ਼ੀ ਮੰਡੀ ਵਿਚ ਕੋਈ ਵੀ ਫੜ੍ਹੀ ਵਾਲਾ ਨਹੀਂ ਆਇਆ ਤੇ ਸਬਜ਼ੀਆਂ ਨੂੰ ਡੰਗਰ ਮੂੰਹ ਮਾਰ ਰਹੇ ਸਨ। ਇੱਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇੱਕ-ਦੋ ਫੜੀ ਵਾਲੇ ਸਵੇਰ ਵੇਲੇ ਆਏ ਸਨ ਤੇ ਪੁਲੀਸ ਵਾਲਿਆਂ ਨੇ ਡੰਡੇ ਮਾਰ ਕੇ ਭਜਾ ਦਿੱਤੇ। ਇਹ ਰੋਜ਼ ਦਾ ਵਰਤਾਰਾ ਹੋ ਗਿਆ ਹੈ।