ਪੁਲੀਸ ਦੀ ਸਖ਼ਤੀ ਨੇ ਖ਼ੁਸ਼ਗਵਾਰ ਬਣਾਈ ਬਸੰਤ
ਸ਼ਗਨ ਕਟਾਰੀਆ
ਜੈਤੋ, 2 ਫਰਵਰੀ
ਬਸੰਤ ਪੰਚਮੀ ਨੂੰ ਚੀਨੀ ਡੋਰ ਅਤੇ ਹੁੱਲੜਬਾਜ਼ੀ ਤੋਂ ਪਰ੍ਹਾਂ ਰੱਖਣ ਲਈ ਅੱਜ ਪੰਜਾਬ ਪੁਲੀਸ ਮੁਸਤੈਦ ਨਜ਼ਰ ਆਈ। ਡਰੋਨਾਂ ਅਤੇ ਦੂਰਬੀਨਾਂ ਨਾਲ ਲੈੱਸ ਪੁਲੀਸ ਅਧਿਕਾਰੀ ਉੱਚੀਆਂ ਇਮਾਰਤਾਂ ’ਤੇ ਪਤੰਗਬਾਜ਼ਾਂ ’ਤੇ ਨਜ਼ਰ ਰੱਖਦੇ ਵੇਖੇ ਗਏ। ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਤੰਗਬਾਜ਼ੀ ਲਈ ਚੀਨੀ ਡੋਰ ਦੀ ਵਰਤੋਂ ਰੋਕਣ ਲਈ ਆਧੁਨਿਕ ਯੰਤਰਾਂ ਨਾਲ ਨਿਗਰਾਨੀ ਰੱਖੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਜਵਾਨਾਂ ਦੀਆਂ ਗਸ਼ਤ ਪਾਰਟੀਆਂ ਨੇ ਇਲਾਕੇ ’ਚ ਚੀਨੀ ਡੋਰ ਦੀ ਵਰਤੋਂ ਨੂੰ ‘ਜ਼ੀਰੋ’ ਬਣਾਉਣ ਲਈ ਪੂਰਾ ਦਿਨ ਕਾਰਜ ਕੀਤਾ। ਉਨ੍ਹਾਂ ਦੱਸਿਆ ਕਿ ਡੀਜੇ ਦੀ ਉੱਚੀ ਆਵਾਜ਼ ਨਾਲ ਹੁੰਦੀ ਹੁੱਲੜਬਾਜ਼ੀ ਨੂੰ ਰੋਕਣ ਲਈ ਵੀ ਪੁਲੀਸ ਨੇ ਸਖ਼ਤ ਚੌਕਸੀ ਵਰਤੀ।
ਵੇਖਣ ’ਚ ਆਇਆ ਕਿ ਜਿੱਥੇ ਵੀ ਅਜਿਹਾ ਕੁਝ ਹੋਣ ਦੀ ਕਨਸੋਅ ਪੁਲੀਸ ਨੂੰ ਮਿਲੀ, ਪੁਲੀਸ ਪਾਰਟੀਆਂ ਨੇ ਮੌਕੇ ’ਤੇ ਜਾ ਕੇ ਚੀਨੀ ਡੋਰ ਦੀ ਪੜਤਾਲ ਕੀਤੀ ਅਤੇ ਡੀਜੇ ਬੰਦ ਕਰਵਾਏ। ਪਤੰਗਬਾਜ਼ ਬੱਚਿਆਂ ਅਤੇ ਸਿਆਣਿਆਂ ਨੂੰ ਪੁਲੀਸ ਨੇ ਸਮਝਾਇਆ ਕਿ ਬਸੰਤ ਪੰਚਮੀ ਦਾ ਤਿਉਹਾਰ ਮੁਹੱਬਤ ਤੇ ਖ਼ੁਸ਼ੀ ਦਾ ਅਵਸਰ ਹੈ, ਇਸ ਦਾ ਇਸੇ ਦਾਇਰੇ ’ਚ ਰਹਿ ਕੇ ਲੁਤਫ਼ ਲਿਆ ਜਾਵੇ। ਪੁਲੀਸ ਨੇ ਅਵੱਗਿਆ ਦੀ ਸੂਚਨਾ ਮਿਲਦਿਆਂ ਹੀ ਖੁੱਲ੍ਹੇ ਮੈਦਾਨਾਂ ਅਤੇ ਛੱਤਾਂ ਉੱਪਰ ਪਤੰਗ ਉਡਾਉਣ ਵਾਲਿਆਂ ਤੱਕ ਪਹੁੰਚ ਕਰ ਕੇ ਸ਼ਾਂਤੀ ਨਾਲ ਪਤੰਗਬਾਜ਼ੀ ਦਾ ਆਨੰਦ ਮਾਨਣ ਲਈ ਲੋਕਾਂ ਨੂੰ ਪੇ੍ਰਰਿਆ।
ਮੁੱਖ ਥਾਣਾ ਅਫ਼ਸਰ ਜੈਤੋ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਸਖ਼ਤੀ ਦਾ ਸਿੱਟਾ ਇਹ ਰਿਹਾ ਕਿ ਪਿਛਲੇ ਸਾਲਾਂ ਦੀ ਤੁਲਨਾ ’ਚ ਇਸ ਵਾਰ ਡੀਜੇ, ਨਸ਼ੇ ਅਤੇ ਚੀਨੀ ਡੋਰ ਦੀ ਵਰਤੋਂ ਤੋਂ ਲੋਕਾਂ ਨੇ ਪ੍ਰਹੇਜ਼ ਕਰਦਿਆਂ, ਤਿਉਹਾਰ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਮਨਾਇਆ।