ਪੁਲੀਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ: ਧਾਲੀਵਾਲ
ਜਸਬੀਰ ਸਿੰਘ ਚਾਨਾ
ਫਗਵਾੜਾ, 30 ਜਨਵਰੀ
ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲੀਸ ਉਨ੍ਹਾਂ ਦੇ ਕੁਝ ਕੌਂਸਲਰਾਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੇ ਘਰਾਂ ’ਤੇ ਛਾਪੇ ਮਾਰ ਰਹੀ ਹੈ, ਜਿਸ ਤਹਿਤ ਅੱਜ 5 ਕੌਂਸਲਰਾਂ ਦੇ ਘਰਾ ’ਚ ਛਾਪੇ ਮਾਰ ਕੇ ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ’ਚ ਕਾਫ਼ੀ ਦਹਿਸ਼ਤ ਹੈ ਜਿਸ ਨੂੰ ਉਹ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਇਥੋਂ ਦੇ ਡੀਐੱਸਪੀ ਤੇ ਐੱਸਐੱਚਓ ਨੂੰ ਕਾਨੂੰਨੀ ਨੋਟਿਸ ਦੇ ਦਿੱਤਾ ਗਿਆ ਹੈ ਫ਼ਿਰ ਵੀ ਜੇ ਇਨ੍ਹਾਂ ਨੇ ਧੱਕੇਸ਼ਾਹੀ ਨੂੰ ਨਾ ਰੋਕਿਆ ਤਾਂ ਉਹ ਹਾਈ ਕੋਰਟ ’ਚ ਇਨ੍ਹਾਂ ਖਿਲਾਫ਼ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰਾ ਨੂੰ ਅਜੇ ਵੀ ‘ਆਪ’ ’ਚ ਸ਼ਾਮਿਲ ਕਰਨ ਲਈ ‘ਆਪ’ ਆਗੂਆਂ ਤੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ 1 ਫਰਵਰੀ ਨੂੰ ਚੋਣ ਮੌਕੇ ਹੀ ਪਤਾ ਲੱਗੇਗਾ ਕਿ ਮੇਅਰ ਕਿਸ ਦਾ ਬਣੇਗਾ। ਉਨ੍ਹਾਂ ਹਾਈ ਕੋਰਟ ਵੱਲੋਂ ਨਿਗਮ ਦੇ ਮੇਅਰ ਦੀ ਚੋਣ ਕਰਵਾਉਣ ਲਈ ਹਾਈ ਕੋਰਟ ਦੇ ਸਾਬਕਾ ਜੱਜ ਹਰਬੰਸ ਲਾਲ ਨੂੰ ਚੋਣ ਅਬਜ਼ਰਵਰ ਨਿਯੁਕਤ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਤੇ ਉਨ੍ਹਾਂ ਦੇ ਸੰਪਰਕ ਵਾਲੇ ਉਮੀਦਵਾਰ ਪੂਰੀ ਤਰ੍ਹਾਂ ਨਾਲ ਹਨ ਤੇ ਅਸੀਂ ਨਿਗਮ ਬਣਾ ਕੇ ਹੀ ਰਹਾਂਗੇ।’’
ਕੇਸ ’ਚ ਨਾਮਜ਼ਦ ਕੌਂਸਲਰਾਂ ਨੂੰ ਨੋਟਿਸ ਦੇਣ ਉਨ੍ਹਾਂ ਦੇ ਘਰ ਗਈ ਸੀ ਪੁਲੀਸ: ਐੱਸਐੱਚਓ
ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਜਿਨ੍ਹਾਂ ਕਾਂਗਰਸੀ ਕੌਂਸਲਰਾ ਦੇ ਖਿਲਾਫ਼ ਕੇਸ ਦਰਜ ਹਨ ਉਨ੍ਹਾਂ ਦੇ ਘਰਾ ’ਚ ਪੁਲੀਸ ਉਨ੍ਹਾਂ ਨੂੰ ਨੋਟਿਸ ਦੇਣ ਲਈ ਗਈ ਸੀ। ਪੁਲੀਸ ਨੇ ਕਿਸੇ ਨੂੰ ਵੀ ਨਹੀਂ ਧਮਕਾਇਆ ਤੇ ਨਾ ਹੀ ਕੋਈ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਜਿਨ੍ਹਾਂ ਕੌਂਸਲਰਾ ਦੇ ਘਰਾ ’ਚ ਪੁਲੀਸ ਗਈ ਸੀ ਉਨ੍ਹਾਂ ’ਚ ਧੀਰਜ ਘਈ, ਮਨੋਜ ਭਾਟੀਆ, ਡਾ. ਕਟਾਰੀਆ, ਸੀਤਾ ਦੇਵੀ ਤੇ ਹੋਰ ਸ਼ਾਮਲ ਹਨ।