ਪੁਲੀਸ ਦਾ ਅਕਸ ਬਦਲਣਾ ਸਮੇਂ ਦੀ ਮੁੱਖ ਲੋੜ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਲਪਲਾਈਨ ਸਿਸਟਮ ਦਾ ਉਦਘਾਟਨ ਕਰਦੇ ਹੋਏ। ਤਸਵੀਰ ਵਿੱਚ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ, ਸੰਸਦ ਮੈਂਬਰ ਕਿਰਨ ਖੇਰ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰ ਨਜ਼ਰ ਆਉਂਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ

ਤਰਲੋਚਨ ਸਿੰਘ
ਚੰਡੀਗੜ੍ਹ, 20 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਪੁਲੀਸ ਨੂੰ ਡੰਡੇ ਚਲਾਉਣ ਅਤੇ ਕਠੋਰ ਬੋਲਣ ਵਾਲੇ ਅਕਸ਼ ਨੂੰ ਬਦਲਣ ਦੀ ਲੋੜ ਹੈ ਅਤੇ ਅਜਿਹਾ ਪੁਲੀਸ ਨੂੰ ਅਜੋਕੇ ਯੁੱਗ ਦੀ ਹਾਣੀ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਧਾਰਨਾ ਹੈ ਕਿ ਜਿਸ ਦੇ ਹੱਥ ਵਿਚ ਡੰਡਾ ਹੈ ਅਤੇ ਜੋ ਉੱਚਾ ਤੇ ਕਠੋਰ ਬੋਲਦਾ ਹੈ, ਉਹ ਪੁਲੀਸ ਮੁਲਾਜ਼ਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਤੀ ਇਸ ਧਾਰਨਾ ਨੂੰ ਬਦਲਣ ਦੀ ਲੋੜ ਹੈ ਅਤੇ ਅਜਿਹਾ ਪੁਲੀਸ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਕੇ ਹੀ ਕੀਤਾ ਜਾ ਸਕਦਾ ਹੈ।
ਉਹ ਅੱਜ ਇਥੇ ਨਾਰਦਨ ਜ਼ੋਨਲ ਕੌਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੀਟਿੰਗ ਤੋਂ ਬਾਅਦ ਸ੍ਰੀ ਸ਼ਾਹ ਨੇ ਚੰਡੀਗੜ੍ਹ ਪੁਲੀਸ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਅਟੱਲ ਈ-ਬੀਟ ਅਤੇ ਐਮਰਜੈਂਸੀ ਹੈਲਪਲਾਈਨ-112 ਸਿਸਟਮ ਦਾ ਉਦਘਾਟਨ ਕਰਨ ਮੌਕੇ ਉਪਰੋਕਤ ਸ਼ਬਦ ਕਹੇ। ਸ੍ਰੀ ਸ਼ਾਹ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਛੋਟੇ ਸਮਾਗਮ ਦੀ ਬੜੀ ਵੱਡੀ ਮਹੱਤਤਾ ਹੈ। ਉਹ ਪਹਿਲਾਂ ਸੂਬੇ ਵਿਚ ਅਤੇ ਹੁਣ ਕੇਂਦਰ ਵਿਚ ਗ੍ਰਹਿ ਮੰਤਰੀ ਹਨ ਅਤੇ ਉਨ੍ਹਾਂ ਦਾ ਤਜਰਬਾ ਹੈ ਕਿ ਜਦੋਂ ਤਕ ਬੀਟ ਸਿਸਟਮ ਮਜਬੂਤ ਨਹੀਂ ਹੋਵੇਗਾ, ਉਸ ਵੇਲੇ ਤਕ ਅਪਰਾਧ ਉਪਰ ਵਿਆਪਕ ਪੱਧਰ ’ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਬੀਟ ਸਿਸਟਮ ਨੂੰ ਮਜਬੂਤ ਕਰਨ ਦੀ ਲੋੜ ਹੈ ਜਦਕਿ ਇਸ ਦੇ ਉਲਟ ਬੀਟ ਸਿਸਟਮ ਲੋਪ ਹੁੰਦਾ ਜਾ ਰਿਹਾ ਹੈ।ਸ੍ਰੀ ਸ਼ਾਹ ਨੇ ਕਿਹਾ ਕਿ ਸਭ ਤੋਂ ਵੱਧ ਜਾਣਕਾਰੀ ਬੀਟ ਸਟਾਫ ਕੋਲ ਹੀ ਹੁੰਦੀ ਹੈ, ਜਿਸ ਕਾਰਨ ਇਸ ਸਿਸਟਮ ਨੂੰ ਪੂਰੀ ਤਰਾਂ ਚੁਸਤ-ਦਰੁਸਤ ਕਰਨ ਨਾਲ ਅਪਰਾਧ ’ਤੇ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਅਧੁਨਿਕ ਈ-ਸਿਸਟਮ ਤਿਆਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਸ੍ਰੀ ਸ਼ਾਹ ਨੇ ਇਥੋਂ ਤਕ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਅਸਲ ਵਿਚ ਬੀਟ ਨੂੰ ਬੀਟ ਬਣਾਇਆ ਹੈ ਅਤੇ ਈ-ਬੀਟ ਤਿਆਰ ਕਰਨੀ ਬੜੀ ਵੱਡੀ ਗੱਲ ਹੈ। ਸ੍ਰੀ ਸ਼ਾਹ ਨੇ ਇਸ ਮੌਕੇ ਸਹਾਇਕ ਸਬ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ 5 ਬੀਟ ਅਧਿਕਾਰੀਆਂ ਨੂੰ ਟੈਬ ਵੀ ਵੰਡੇ।
ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਈ-ਬੀਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਸਟਮ ਵਿਚ ਬੀਟ ਸਟਾਫ ਪੂਰੀ ਤਰਾਂ ਹਾਈਟੈਕ ਹੋ ਜਾਵੇਗਾ ਅਤੇ ਹੁਣ ਬੀਟ ਮੁਲਾਜ਼ਮ ਹੱਥਾਂ ਵਿਚ ਰਜਿਸਟਰ ਲੈ ਕੇ ਨਹੀਂ ਸਗੋਂ ਟੈਬ ਲੈ ਕੇ ਘੁੰਮਣਗੇ ਅਤੇ ਸਾਰਾ ਕੰਮ ਆਨਲਾਈਨ ਹੋਵੇਗਾ। ਇਸ ਰਾਹੀਂ ਪੁਲੀਸ ਮੁਲਾਜ਼ਮਾਂ ਨੂੰ ਥਾਣਿਆਂ ਵਿਚੋਂ ਬਾਹਰ ਕੱਢ ਕੇ ਜਨਤਾ ਵਿਚ ਭੇਜਿਆ ਜਾਵੇਗਾ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸੰਸਦ ਮੈਂਬਰ ਕਿਰਨ ਖੇਰ, ਸਲਾਹਕਾਰ ਮਨੋਜ ਪਰੀਦਾ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਹਾਜ਼ਰ ਸਨ। ਐਮਰਜੈਂਸੀ ਹੈਲਪਲਾਈਨ ਨੰਬਰ 112 ਦਾ ਉਦਘਾਟਨ ਹੋਣ ਨਾਲ ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਇਸੇ ਇਕੋ ਨੰਬਰ ’ਤੇ ਕਾਲ ਕਰਨ ਨਾਲ ਪੁਲੀਸ, ਫਾਇਰ ਅਤੇ ਐਂਬੂਲੈਂਸ ਸਮੇਤ ਹੋਰ ਸੇਵਾਵਾਂ ਮੁਹੱਈਆ ਹੋ ਜਾਣਗੀਆਂ। ਸ਼ਹਿਰ ਦੇ ਵਸਨੀਕਾਂ ਨੂੰ ਮੁਸ਼ਕਲ ਵੇਲੇ ਵੱਖ-ਵੱਖ ਥਾਵਾਂ ’ਤੇ ਫੋਨ ਨਹੀਂ ਕਰਨੇ ਪੈਣਗੇ। ਹੁਣ ਪੁਲੀਸ ਕੰਟਰੋਲ ਰੂੁਮ (ਪੀਸੀਆਰ) ਦੇ ਐਮਰਜੈਂਸੀ ਨੰਬਰ 100 ਦੀ ਥਾਂ ਨੰਬਰ 112 ’ਤੇ ਫੋਨ ਕਰਨ ਨਾਲ ਹਰੇਕ ਤਰ੍ਹਾਂ ਦੀ ਸੇਵਾ ਮਿਲੇਗੀ। ਫਿਲਹਾਲ ਪੁਰਾਣੇ ਐਮਰਜੈਂਸੀ ਨੰਬਰ ਵੀ ਚਾਲੂ ਰਹਿਣਗੇ।

ਪੁਲੀਸ ਹੈੱਡਕੁਆਰਟਰ ਵਿਚ ਕੰਟਰੋਲ ਰੂਮ ਸਥਾਪਤ

ਐਮਰੇਜੈਂਸੀ ਹੈਲਪਲਾਈਨ ਨੰਬਰ ਲਈ ਸੈਕਟਰ-9 ਸਥਿਤ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਐਮਰਜੈਂਸੀ ਹੈਲਪਲਾਈਨ ਲਈ ਪੁਲੀਸ ਮੁਲਾਜ਼ਮਾਂ ਨੂੰ ਵੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਥੇ ਫਾਇਰ ਵਿਭਾਗ ਅਤੇ ਐਂਬੂਲੈਂਸ ਸੇਵਾਵਾਂ ਲਈ ਪੁਲੀਸ ਮੁਲਾਜ਼ਮਾਂ ਸਮੇਤ ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ। ਇਸ ਕਾਲ ਸੈਂਟਰ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਹੈ, ਜਿਥੇ ਕਿਸੇ ਵੇਲੇ ਵੀ ਫੋਨ ਬੀਜ਼ੀ ਨਾ ਹੋਣ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੇ ਦੌਰ ਵਿਚ ਇਸ ਨੰਬਰ ’ਤੇ ਪੁਲੀਸ, ਫਾਇਰ ਅਤੇ ਐਂਬੂੁਲੈਂਸ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਹੌਲੀ-ਹੌਲੀ ਹੋਰ ਅਹਿਮ ਵਿਮੈਨ ਐਂਡ ਚਾਈਲਡ ਸੇਵਾਵਾਂ ਵੀ ਇਸੇ ਨੰਬਰ ਤੋਂ ਹੀ ਮੁਹੱਈਆ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਐਮਰਜੈਂਸੀ ਹੈਲਪਲਾਈਨ 24 ਘੰਟੇ ਚੱਲੇਗੀ ਅਤੇ ਮੁਲਾਜ਼ਮ ਤਿੰਨ ਸ਼ਿਫਟਾਂ ਵਿਚ ਤਾਇਨਾਤ ਕੀਤੇ ਜਾਣਗੇ।

Tags :