ਪੱਤਰ ਪ੍ਰੇਰਕਪਠਾਨਕੋਟ, 7 ਜੂਨਪੁਲੀਸ ਅਤੇ ਮਾਈਨਿੰਗ ਵਿਭਾਗ ਨੇ ਪਿੰਡ ਗੁਗਰਾਂ ਨੇੜੇ ਰਾਵੀ ਦਰਿਆ ਵਿੱਚ ਰਾਤ ਨੂੰ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਅੱਠ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ 2 ਪੋਕਲੇਨ ਮਸ਼ੀਨਾਂ, 11 ਟਿੱਪਰ, ਇੱਕ ਟਰਾਲਾ ਜ਼ਬਤ ਕੀਤਾ ਗਿਆ। ਪੁਲੀਸ ਅਨੁਸਾਰ ਬਾਕੀ ਮੁਲਜ਼ਮ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਆਰੰਭ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮਾਈਨਿੰਗ ਅਫਸਰ ਨਿਤਿਨ ਸੂਦ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਗੁਗਰਾਂ ਕਰੱਸ਼ਰਾਂ ਨੇੜੇ ਰਾਵੀ ਦਰਿਆ ਵਿੱਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਇਸ ਮਗਰੋਂ ਛਾਪੇਮਾਰੀ ਕੀਤੀ ਗਈ ਤਾਂ ਪੁਲੀਸ ਅਤੇ ਮਾਈਨਿੰਗ ਪਾਰਟੀ ਨੂੰ ਦੇਖਦੇ ਹੋਏ ਕੁੱਝ ਡਰਾਈਵਰ ਫਰਾਰ ਹੋ ਗਏ। ਜਦ ਕਿ 7 ਟਿੱਪਰਾਂ ਦੇ ਡਰਾਈਵਰਾਂ ਅਤੇ ਇੱਕ ਹੈਲਪਰ ਨੂੰ ਕਾਬੂ ਕਰ ਲਿਆ ਗਿਆ। ਇਸ ਦੇ ਇਲਾਵਾ ਉਥੇ ਮਾਈਨਿੰਗ ਵਿੱਚ ਲੱਗੀ ਹੋਈ ਮਸ਼ੀਨਰੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਾਬੂ ਕੀਤੇ ਗਏ, ਉਨ੍ਹਾਂ ਵਿੱਚ ਹਰਦੀਪ ਸਿੰਘ ਵਾਸੀ ਪਿੰਡ ਗਵਾਰਾ (ਜ਼ਿਲ੍ਹਾ ਗੁਰਦਾਸਪੁਰ), ਗੁਰਦੀਪ ਸਿੰਘ ਵਾਸੀ ਪਿੰਡ ਉਪਲ (ਬਟਾਲਾ), ਪਵਨ ਕੁਮਾਰ ਵਾਸੀ ਰਾਮਨਗਰ (ਊਧਮਪੁਰ), ਸੰਜੀਵ ਸਿੰਘ ਵਾਸੀ ਦੋਲੀਆ ਜੱਟਾਂ (ਰਾਜਬਾਗ), ਸੰਜੇ ਕੁਮਾਰ ਵਾਸੀ ਪਿੰਡ ਸਲਾਲਪੁਰ (ਰਾਜਬਾਗ), ਸੁਨੀਲ ਸਿੰਘ ਵਾਸੀ ਪਹਾੜਪੁਰ (ਰਾਜਬਾਗ), ਨਵਨੀਤ ਸਿੰਘ ਵਾਸੀ ਦਤਿਆਲ (ਨਰੋਟ ਜੈਮਲ ਸਿੰਘ) ਅਤੇ ਰਾਕੇਸ਼ ਕੁਮਾਰ ਵਾਸੀ ਅਜੀਜ਼ਪੁਰ (ਸੁਜਾਨਪੁਰ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੀ ਜ਼ਮੀਨ ਵਿੱਚੋਂ ਮਾਈਨਿੰਗ ਕੀਤੀ ਜਾ ਰਹੀ ਸੀ, ਉਹ ਵੀ ਬੜੀ ਡੂੰਘੀ ਸੀ ਅਤੇ ਉਸ ਦੀ ਵੀ ਪਮਾਇਸ਼ ਕਰ ਲਈ ਗਈ ਹੈ। ਦੋਨਾਂ ਅਧਿਕਾਰੀਆਂ ਨੇ ਸਪੱਸ਼ਟ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਮਾਈਨਿੰਗ ਕਰਦਿਆਂ ਬਖਸ਼ਿਆ ਨਹੀਂ ਜਾਵੇਗਾ।