ਜਗਜੀਤ ਸਿੰਘਮੁਕੇਰੀਆਂ, 9 ਜੂਨਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਲਈ 12 ਜੂਨ ਨੂੰ ਲੁਧਿਆਣਾ ਵਿੱਚ ਝੰਡਾ ਮਾਰਚ ਦਾ ਐਲਾਨ ਕੀਤਾ ਗਿਆ ਹੈ। ਬਲਾਕ ਹਾਜੀਪੁਰ ਦੇ ਪ੍ਰਧਾਨ ਰਮਨ ਕੁਮਾਰ ਅਤੇ ਜਰਨਲ ਸਕੱਤਰ ਸੁਭਾਸ਼ ਠਾਕੁਰ ਨੇ ਦੱਸਿਆ ਕਿ 12 ਜੂਨ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਸੂਬਾ ਕਮੇਟੀ ਦੇ ਸੱਦੇ ‘ਤੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਸਬੰਧਿਤ ਹਲਕੇ ਦੇ ਵੋਟਰਾਂ ਨੂੰ ਸਰਕਾਰ ਦੀ ਦੋਗਲੀ ਨੀਤੀ ਬਾਰੇ ਜਾਣੂ ਕਰਵਾਇਆ ਜਾਵੇਗਾ।ਆਗੂਆਂ ਨੇ ਕਿਹਾ ਕਿ ਇਹ ਝੰਡਾ ਮਾਰਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੋਵੇਗਾ। ਸਰਕਾਰ ਨੇ ਐੱਨਪੀਐੱਸ ਪੀੜਤ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਜੋ ਵਾਅਦਾ ਕੀਤਾ ਸੀ, ਉਸ ਦਾ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਹਾਲੇ ਤੱਕ ਐੱਸਓਪੀ ਜਾਰੀ ਨਹੀਂ ਕੀਤੀ ਗਈ। ਇਸ ਸਬੰਧੀ ਸੂਬੇ ਦੇ ਦੋ ਲੱਖ ਐੱਨਪੀਐੱਸ ਪੀੜਤ ਮੁਲਾਜ਼ਮਾਂ ਵਿੱਚ ਰੋਸ ਹੈ। ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਐੱਸਟੀ ਤੋਂ ਸਰਕਾਰ ਨੂੰ 62 ਹਜ਼ਾਰ 733 ਕਰੋੜ ਦੀ ਆਮਦਨ ਹੋਈ ਹੈ, ਪਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਖਜਾਨਾ ਖਾਲੀ ਹੈ। ਸਰਕਾਰ ਦੀਆਂ ਅਜਿਹੀਆਂ ਦੋਗਲੀ ਨੀਤੀ ਦਾ ਲੁਧਿਆਣਾ ਉਪ ਚੋਣਾਂ ਵਿੱਚ ਭਾਂਡਾ ਭੰਨਿਆ ਜਾਵੇਗਾ।ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਵਰਿੰਦਰ ਵਿੱਕੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਰਜੀਵਨ ਕੁਮਾਰ, ਦਿਲਬਾਗ ਸਿੰਘ, ਅਨਿਲ ਕੁਮਾਰ, ਰਜਿੰਦਰ ਠਾਕੁਰ, ਚਮਨ ਲਾਲ, ਰਜਤ ਮਹਾਜਨ, ਨਿਰਮਲ ਬਧਣ, ਸਤੀਸ਼ ਕੁਮਾਰ, ਹਰਦਿਆਲ ਸਿੰਘ, ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਵਿਕਾਸ ਮਹਾਜਨ, ਵਰਿੰਦਰ ਕੁਮਾਰ, ਪਵਨ ਕੁਮਾਰ, ਰਾਜਨ ਸ਼ਰਮਾ, ਧਰਮਜੀਤ ਸਿੰਘ, ਮੁੱਖ ਅਧਿਆਪਕ ਅਮਨਦੀਪ ਸਿੰਘ, ਮੁੱਖ ਅਧਿਆਪਕ ਗੋਪੀ ਚੰਦ, ਜਤਿੰਦਰ ਕੁਮਾਰ ਅਤੇ ਗੁਰਮੇਲ ਸਿੰਘ ਹਾਜ਼ਰ ਸਨ।