ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅਮਨ ਅਰੋੜਾ ਨੂੰ ਮੰਗ ਪੱਤਰ
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਜ਼ਿਲ੍ਹਾ ਸੰਗਰੂਰ ਦੀ ਇਕਾਈ ਵੱਲੋਂ ਕੈਬਨਿਟ ਮੰਤਰੀ ਤੇ ‘ਆਪ’ ਪ੍ਰਧਾਨ ਪੰਜਾਬ ਅਮਨ ਅਰੋੜਾ ਨੂੰ ਖੇੜੀ ਵਿੱਚ ਮੰਗ ਪੱਤਰ ਦਿੱਤਾ ਗਿਆ ਅਤੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ’ਚ ਪੁਰਾਣੀ ਪੈਨਸ਼ਨ ਦਾ ਮਤਾ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ‘ਆਪ’ ਪ੍ਰਧਾਨ ਨੂੰ ਪੁਰਾਣੀ ਪੈਨਸ਼ਨ ਦਾ ਮੁੱਦਾ ਮੁੱਖ ਮੰਤਰੀ ਨਾਲ ਅਤੇ ਬਜਟ ਸੈਸ਼ਨ ਦੌਰਾਨ ਉਠਾਉਣ ਦੀ ਅਪੀਲ ਕੀਤੀ। ਪੈਨਸ਼ਨ ਫਰੰਟ ਦੇ ਮਾਲਵਾ ਜ਼ੋਨ ਕਨਵੀਨਰ-1 ਅਤੇ ਜ਼ਿਲ੍ਹਾ ਕਨਵੀਨਰ ਦਲਜੀਤ ਸਿੰਘ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਛੈਬਰ ਸਿੰਘ ਨੇ ਆਖਿਆ ਕਿ 18 ਨਵੰਬਰ 2022 ਨੂੰ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮੌਜੂਦਾ ਸਮੇਂ ਯੂਪੀਐੱਸ ਸਕੀਮ ਦੀ ਆੜ ਹੇਠ ਲਾਗੂ ਕਰਨ ਤੋਂ ਪੰਜਾਬ ਸਰਕਾਰ ਟਾਲਾ ਵੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਰੱਦ ਕੀਤੇ ਗਏ ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ’ਤੇ ਕੇਂਦਰੀ ਯੂਪੀਐੱਸ ਸਕੀਮ ਨੂੰ ਵੀ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਜਾਵੇ। ਪੈਨਸ਼ਨ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਲਈ ਅਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਮਤਾ ਲਿਆਉਣ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ।