ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਰੱਖਣ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਪੁਰਾਣੇ ਦਿੱਲੀ ਰੇਲਵੇ ਸਟੇਸ਼ਨ ਦੇ ਨਾਂ ਨੂੰ ਬਦਲਣ ਬਾਰੇ ਜੋ ਸੁਝਾਅ ਰੇਖਾ ਗੁਪਤਾ ਨੇ ਕੇਂਦਰ ਨੂੰ ਦਿੱਤਾ ਹੈ ਉਸ ਤਹਿਤ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਕਿ ਮੁੱਖ ਮੰਤਰੀ ਵੱਲੋਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੀ ਥਾਂ ਮਹਾਰਾਜਾ ਅਗਰਸੈਨ ਰੇਲਵੇ ਸਟੇਸ਼ਨ ਦਾ ਸੁਝਾਅ ਕੇਂਦਰ ਸਰਕਾਰ ਨੂੰ ਦਿੱਤਾ ਹੈ।
ਉਨ੍ਹਾਂ ਪੱਤਰ ਵਿੱਚ ਲਿਖਿਆ, ਅਸੀਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪੁਰਾਣੀ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਨੇ ਭਾਰਤ ਦੇ ਸਾਰੇ ਹਿੰਦੂ ਭਾਈਚਾਰੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਗੁਰੂ ਤੇਗ ਬਹਾਦਰ ਦੇ ਤਿੰਨ ਸਾਥੀਆਂ ਨੇ ਵੀ ਹਿੰਦੂ ਭਾਈਚਾਰੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਬਘੇਲ ਸਿੰਘ ਨੇ ਤਿੰਨ ਵਾਰ ਦਿੱਲੀ ਲਾਲ ਕਿਲ੍ਹਾ ਜਿੱਤਿਆ ਜੋ ਕਿ ਇਤਿਹਾਸਕ ਜਿੱਤ ਸੀ। ਇਸੇ ਤਰ੍ਹਾਂ ਤੀਸ ਹਜ਼ਾਰੀ ਵਿਖੇ ਤੀਹ ਹਜ਼ਾਰ ਸਿੱਖ ਫ਼ੌਜੀਆਂ ਨੇ ਦਿੱਲੀ ਜਿੱਤਣ ਤੋਂ ਬਾਅਦ ਆਰਾਮ ਕੀਤਾ। ਹਰਮਨਜੀਤ ਸਿੰਘ ਨੇ ਸੁਝਾਅ ਦਿੱਤਾ ਕਿ ਪੁਰਾਣੇ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਸਟੇਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਇਨ੍ਹਾਂ ਤੱਥਾਂ ’ਤੇ ਗੌਰ ਕਰਨਗੇ ਅਤੇ ਸਟੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਵਜੋਂ ਜਾਣਿਆ ਜਾਵੇਗਾ।