ਪੁਣਛ ਤੇ ਰਜੌਰੀ ’ਚ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਮਾਨ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 9 ਮਈ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਰ ਤਰ੍ਹਾਂ ਦੀਆਂ ਜੰਗਾਂ-ਯੁੱਧਾਂ ਦੇ ਵਿਰੁੱਧ ਹੈ ਕਿਉਂਕਿ ਇਨ੍ਹਾਂ ਨਾਲ ਨਿਰਦੋਸ਼ ਅਤੇ ਮਾਸੂਮਾਂ ਦੀਆਂ ਅਜਾਈ ਜਾਨਾਂ ਜਾਂਦੀਆਂ ਹਨ ਅਤੇ ਮਾਲੀ ਤੌਰ ’ਤੇ ਵੱਡੀ ਸੱਟ ਵੱਜਦੀ ਹੈ। ਉਨ੍ਹਾਂ ਨੇ ਪੁਣਛ ਤੇ ਰਜੌਰੀ ’ਚ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਮਾਨ ਨੇ ਕਿਹਾ, ‘‘ਜਦੋਂ ਸਿੱਖ ਕੌਮ ਜੰਗ ਦੇ ਹੱਕ ’ਚ ਨਹੀਂ ਅਤੇ ਨਿਰਪੱਖ ਹਨ ਤਾਂ ਫਿਰ ਪੰਜਾਬੀਆਂ ਤੇ ਕਸ਼ਮੀਰੀਆਂ ’ਤੇ ਥੋਪੀ ਜਾ ਰਹੀ ਜੰਗ ਵਿਚ ਫੌਜਾਂ ਵੱਲੋਂ ਰਾਜੌਰੀ ਤੇ ਪੁਣਛ ’ਚ ਗੁਰੂਘਰ ਤੇ ਸਿੱਖ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਦੇ ਯਤਨ ਕਿਉਂ ਕੀਤੇ ਜਾ ਰਹੇ ਹਨ?” ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ 26 ਨਿਰਦੋਸ਼ਾਂ ਦੇ ਮਾਰੇ ਜਾਣੇ ਪਿੱਛੇ ਕਥਿਤ ਸਾਜ਼ਿਸ਼ ਦਾ ਸੱਚ ਸਾਹਮਣੇ ਨਹੀ ਆਇਆ ਪਰ ਮੀਡੀਆ ਦੇ ਕੁਝ ਹਿੱਸਾ ਗੁਆਢੀ ਮੁਲਕ ਪਾਕਿਸਤਾਨ ’ਤੇ ਦੋਸ਼ ਲਾ ਰਿਹਾ ਹੈ, ਜਿਸ ਦੀ ਕੋਈ ਤੁਕ ਨਹੀ ਬਣਦੀ। ਉਨ੍ਹਾਂ ਨੇ ਯੂਐੱਨਓ ਤੋਂ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਤੇ ਸਿੱਖ ਕੌਮ ਉਤੇ ਹੋ ਰਹੇ ਇਸ ਜ਼ਬਰ ਜ਼ੁਲਮ ਨੂੰ ਰੋਕਣ ਦੀ ਮੰਗ ਕੀਤੀ।