ਪੁਆਧੀ ਦਸਤਾਵੇਜ਼ੀ ਫ਼ਿਲਮ ‘ਦਿ ਲੀਜੈਂਡ’ ਦਾ ਪ੍ਰੀਮੀਅਰ ਸ਼ੋਅ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 2 ਫਰਵਰੀ
ਟੀਮ ਰੂਹ ਇੰਟਰਨੈਸ਼ਨਲ ਵੱਲੋਂ ਪੁਆਧ ਖੇਤਰ ਦੀਆਂ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਪੁਆਧ ਦੇ ਮਹਾਨ ਗਵੱਈਏ ਭਗਤ ਆਸਾ ਰਾਮ ਬੈਦਵਾਣ ਸੋਹਾਣਾ ਦੇ ਜੀਵਨ ਅਤੇ ਰਚਨਾਵਾਂ ਉੱਤੇ ਬਣੀ ਪਹਿਲੀ ਪੁਆਧੀ ਡਾਕੂਮੈਂਟਰੀ ਫ਼ਿਲਮ ‘ਦਿ ਲੀਜੈਂਡ’ ਦਾ ਪ੍ਰੀਮੀਅਰ ਸ਼ੋਅ ਸੋਹਾਣਾ ਦੇ ਰਤਨ ਕਾਲਜ ਵਿਖੇ ਹੋਇਆ। ਇਸ ਨੂੰ ਟੀਮ ਰੂਹ ਦੇ ਨਿੱਜੀ ਯੂਟਿਊਬ ਚੈਨਲ ਤੋਂ ਰਿਲੀਜ਼ ਵੀ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ, ਪਰਵਿੰਦਰ ਸਿੰਘ ਸੋਹਾਣਾ ਅਤੇ ਸੁੰਦਰ ਲਾਲ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਰੋਹ ਦਾ ਸਮਾਂ ਰੋਸ਼ਨ ਕਰਕੇ ਉਦਘਾਟਨ ਕੀਤਾ।
ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ ਅਤੇ ਪ੍ਰੋਡਕਸ਼ਨ ਇੰਚਾਰਜ ਟੀਮ ਰੂਹ ਦੇ ਮੈਂਬਰ ਜਰਨੈਲ ਹੁਸ਼ਿਆਰਪੁਰੀ ਅਤੇ ਰਘਬੀਰ ਭੁੱਲਰ ਨੇ ਦੱਸਿਆ ਕਿ ਫ਼ਿਲਮ ਵਿਚ ਪੁਆਧੀ ਬੋਲੀ ਨੂੰ ਪਹਿਲ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਭਗਤ ਜੀ ਦੇ ਬਚਪਨ ਦਾ ਰੋਲ ਨਿਭਾਉਣ ਵਾਲਾ ਬੱਚਾ ਪਰਮਵੀਰ ਬੈਦਵਾਣ ਵੀ ਪੁਆਧ ਇਲਾਕੇ ਦਾ ਹੀ ਹੈ। ਫ਼ਿਲਮ ਵਿੱਚ ਭਗਤ ਆਸਾ ਰਾਮ ਬੈਦਵਾਣ ਵੱਲੋਂ ਆਪਣੇ ਜੀਵਨ ਦੌਰਾਨ ਲਗਾਏ ਕਈਂ ਪ੍ਰਮੁੱਖ ਅਖਾੜਿਆਂ ਨੂੰ ਵੀ ਦਰਸਾਇਆ ਗਿਆ ਹੈ। ਮਹਾਰਾਜਾ ਪਟਿਆਲਾ ਤੋਂ ਅਖਾੜੇ ਲਈ ਪੈਸੇ ਨਾ ਲੈਣ ਅਤੇ ਮੁਰੱਬਾ ਠੁਕਰਾਉਣ ਦੀ ਘਟਨਾ ਵੀ ਫ਼ਿਲਮ ਵਿਚ ਬਿਆਨੀ ਗਈ ਹੈ।
ਸਾਰਿਆਂ ਨੇ ਡਾਕੂਮੈਂਟਰੀ ਫ਼ਿਲਮ ਦੀ ਸਰਾਹਨਾ ਕੀਤੀ। ਇਸ ਮੌਕੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ, ਐਡੀਟਰ ਸਮਰਾਟ ਸਿੰਘ, ਪ੍ਰਿੰਸਜੀਤ ਪੋਸਟ ਪਰਫੈਕਟੋ ਤੇ ਟੀਮ ਰੂਹ ਦੇ ਸਾਰੇ ਕਲਾਕਾਰਾਂ, ਸਹਿਯੋਗੀ ਸੱਜਣਾਂ, ਪ੍ਰਸਿੱਧ ਮਿਊਜ਼ਕ ਡਾਇਰੈਕਟਰ ਜੀ ਗੁਰੀ, ਜੀਜੀ ਐੱਮ ਗਰੁੱਪ, ਅਵਿਤਾਬ ਸਿੰਘ ਬਰੋ ਮਿਊਜ਼ਕ, ਯਾਦਵਿੰਦਰ ਸਿੰਘ, ਯਾਦ ਮਿਊਜ਼ਕ ਨੂੰ ਵਿਸੇਸ਼ ਤੌਰ ’ਤੇ ਸਨਮਾਨਿਆ।