ਪੀਲੇ ਮਿੱਠੇ ਚਾਵਲ
ਬਾਲ ਕਹਾਣੀ
ਓਮਕਾਰ ਸੂਦ ਬਹੋਨਾ
ਸਾਂਵਲੀ ਚਿੜੀ ਅੱਜ ਸਵੇਰੇ ਹੀ ਜਾਗ ਗਈ ਸੀ। ਉੱਠ ਕੇ ਉਹ ਤਲਾਬ ’ਤੇ ਨਹਾ ਵੀ ਆਈ। ਆਉਂਦਿਆਂ ਹੀ ਰਸੋਈ ਵਿੱਚ ਵੜ ਕੇ ਆਪਣਾ ਕੰਮ ਕਰਨ ਲੱਗ ਗਈ। ਰਸੋਈ ਵਿੱਚ ਭਾਂਡੇ ਖੜਕਦੇ ਵੇਖ ਕੇ ਕੱਲੋ ਗੁਟਾਰ ਅੱਖਾਂ ਮਲਦੀ-ਮਲਦੀ ਆ ਕੇ ਰਸੋਈ ਦੇ ਦਰ ਮੂਹਰੇ ਖੜ੍ਹੀ ਹੋ ਗਈ। ਸਵੇਰੇ-ਸਵੇਰੇ ਰਸੋਈ ਵਿੱਚ ਕੰਮ ਕਰਦਿਆਂ ਵੇਖ ਸਾਂਵਲੀ ਚਿੜੀ ਨੂੰ ਹੈਰਾਨੀ ਨਾਲ ਪੁੱਛਣ ਲੱਗੀ, ‘‘ਸਾਂਵਲੀ ਅੱਜ ਏਨੇ ਤੜਕੇ ਹੀ ਉੱਠ ਗਈ?’’
‘‘ਅੱਜ ਬਸੰਤ-ਪੰਚਮੀ ਦਾ ਤਿਉਹਾਰ ਹੈ! ਅੱਜ ਮੈਂ ਬੱਚਿਆਂ ਵਾਸਤੇ ਰੰਗ ਵਾਲੇ ਮਿੱਠੇ ਚੌਲ ਬਣਾਵਾਂਗੀ। ਕੱਲੋ ਭੈਣ, ਤੂੰ ਅੱਜ ਕੁਝ ਨਹੀਂ ਬਣਾਵੇਂਗੀ?’’
ਕੱਲੋ ਗੁਟਾਰ ਮੂੰਹ ਜਿਹਾ ਬਣਾ ਕੇ ਬੋਲੀ, ‘‘ਨਹੀਂ ਭੈਣ ਸਾਂਵਲੀਏ, ਕੌਣ ਉਠਾਵੇਗਾ ਐਨੀ ਮੁਸੀਬਤ। ਅੱਜ ਵਧੀਆ ਮੌਸਮ ਹੈ। ਕੌਣ ਖਪੇ ਚੁੱਲ੍ਹੇ ਮੂਹਰੇ ਖੜ੍ਹ ਕੇ!’’
‘‘...ਤਾਂ ਤੂੰ ਸਾਰਾ ਦਿਨ ਭੁੱਖੀ ਹੀ ਰਹੇਂਗੀ?’’ ਸਾਂਵਲੀ ਚਿੜੀ ਨੇ ਪੁੱਛਿਆ ਤਾਂ ਕੱਲੋ ਗੁਟਾਰ ਬੋਲੀ, ‘‘ਨਹੀਂ, ਭੁੱਖੀ ਕਿਉਂ ਰਹਾਂਗੀ! ਅੱਜ ਉਹ ਦੂਰ ਦਿਸਦੇ ਪਿੰਡ ਵਿੱਚ ਵਸਦੇ ਲੋਕ ਵਧੀਆ-ਵਧੀਆ ਪਕਵਾਨ ਬਣਾਉਣਗੇ। ਮੈਂ ਪਿੰਡ ਜਾ ਕੇ ਪੇਟ ਪੂਜਾ ਕਰ ਆਵਾਂਗੀ।’’
‘‘ਹੂੰ!’’ ਕਹਿ ਕੇ ਸਾਂਵਲੀ ਚਿੜੀ ਹੱਸੀ। ਫਿਰ ਚਾਵਲਾਂ ਵਾਲੀ ਪਤੀਲੀ ਨੂੰ ਚੁੱਲ੍ਹੇ ਉੱਤੇ ਧਰਦਿਆਂ ਬੋਲੀ, ‘‘ਕੱਲੋ ਭੈਣ, ਸਾਨੂੰ ਦੂਜਿਆਂ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ। ਹੱਥੀਂ ਕੰਮ ਕਰ ਕੇ ਆਪਣਾ ਅਤੇ ਆਪਣੇ ਬੋਟਾਂ ਦਾ ਪੇਟ ਪਾਲਣਾ ਚਾਹੀਦਾ ਹੈ। ਬਾਕੀ ਅੱਗੇ ਤੇਰੀ ਮਰਜ਼ੀ ਭੈਣੇ...!’’
ਕੱਲੋ ਗੁਟਾਰ ਸਾਂਵਲੀ ਚਿੜੀ ਦੀ ਗੱਲ ਅਣਸੁਣੀ ਜਿਹੀ ਕਰ ਕੇ ਬਿਨਾਂ ਮੂੰਹ ਧੋਤਿਆਂ ਹੀ ਮੁਫ਼ਤ ਦੇ ਪਕਵਾਨ ਖਾਣ ਲਈ ਪਿੰਡ ਵੱਲ ਨੂੰ ਉਡਾਰੀ ਮਾਰ ਗਈ। ਦਿਨ ਥੋੜ੍ਹਾ-ਥੋੜ੍ਹਾ ਚੜ੍ਹ ਆਇਆ ਸੀ। ਪੰਛੀਆਂ ਦੀਆਂ ਚਹਿਕਦੀਆਂ ਆਵਾਜ਼ਾਂ ਦੇ ਨਾਲ ਨਾਲ ਸੂਰਜ ਨੇ ਵੀ ਆਪਣੀ ਸੋਨੇ ਰੰਗੀ ਧੁੱਪ ਦੀਆਂ ਕਿਰਨਾਂ ਫ਼ਸਲਾਂ ਅਤੇ ਰੁੱਖਾਂ ਉੱਤੇ ਪਸਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਿੰਡ ਦੇ ਲੋਕ ਸੈਰ ਕਰਨ ਲਈ ਖੇਤਾਂ ਅਤੇ ਨਹਿਰ ਵੱਲ ਆਉਣੇ ਸ਼ੁਰੂ ਹੋ ਗਏ ਸਨ। ਕੱਲੋ ਪਿੰਡ ਦੇ ਬਾਹਰ ਛੱਪੜ ਕੰਢੇ ਉੱਗੀ ਤ੍ਰਿਵੈਣੀ ਉੱਤੇ ਆਣ ਬੈਠੀ। ਉਸ ਨੇ ਇੱਧਰ-ਉੱਧਰ ਵੇਖਿਆ। ਇੱਕ ਆਦਮੀ ਮੋਬਾਈਲ ਫੋਨ ’ਤੇ ਗੱਲਾਂ ਕਰਦਾ ਹੋਇਆ ਤ੍ਰਿਵੈਣੀ ਥੱਲੇ ਆਣ ਖੜ੍ਹਾ ਹੋਇਆ। ਉਸ ਨੇ ਹਲਕੇ ਨੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਗਲ਼ ਵਿੱਚ ਉਹਦੇ ਮਫ਼ਲਰ ਲਪੇਟਿਆ ਹੋਇਆ ਸੀ। ਉਹ ਫੋਨ ’ਤੇ ਆਪਣੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ। ਸਾਰੀ ਗੱਲਬਾਤ ਦੇ ਅਖੀਰ ’ਤੇ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਅੱਜ ਬਸੰਤ ਪੰਚਮੀ ਹੈ। ਖਾਣੇ ਵਿੱਚ ਪੀਲੇ ਰੰਗ ਦਾ ਹਲਵਾ ਜ਼ਰੂਰ ਬਣਾ ਲਵੀਂ। ਫਿਰ ਫੋਨ ਬੰਦ ਕਰਕੇ ਉਹ ਆਦਮੀ ਅੱਗੇ ਨਿਕਲ ਗਿਆ। ਹਲਵੇ ਦਾ ਨਾਂ ਸੁਣ ਕੇ ਕੱਲੋ ਗੁਟਾਰ ਦੇ ਮੂੰਹ ਵਿੱਚ ਪਾਣੀ ਭਰ ਆਇਆ।
ਹਲਵੇ ਦਾ ਸਵਾਦ ਉਹਦੇ ਬਾਸੀ ਮੂੰਹ ਵਿੱਚ ਮਿਸ਼ਰੀ ਦੀ ਡਲੀ ਵਾਂਗ ਫਿਰ ਗਿਆ। ਸਵਾਦ-ਸਵਾਦ ਹੋਈ ਕੱਲੋ ਗੁਟਾਰ ਨੇ ਸੋਚਿਆ, ‘ਅੱਜ ਪਿੰਡ ਦੇ ਸਭ ਲੋਕ ਮਿੱਠੇ ਰੰਗਦਾਰ ਪਕਵਾਨ ਬਣਾਉਣਗੇ। ਚੋਰੀ ਕਰ-ਕਰ ਕੇ ਖਾਵਾਂਗੀ। ਬੜਾ ਮਜ਼ਾ ਆਵੇਗਾ! ਸਾਂਵਲੀ ਚਿੜੀ ਤਾਂ ਵਿਚਾਰੀ ਮਿੱਠੇ ਚੌਲ ਹੀ ਬਣਾਵੇਗੀ। ਇੱਧਰ ਮੈਂ ਤਾਂ ਅੱਜ ਵੰਨ-ਸੁਵੰਨੇ ਪਕਵਾਨ ਖਾਵਾਂਗੀ!’ ਕੱਲੋ ਗੁਟਾਰ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਹਦਾ ਭੰਗੜਾ ਪਾਉਣ ਨੂੰ ਜੀ ਕਰ ਰਿਹਾ ਸੀ। ਖ਼ੁਸ਼ੀ ਵਿੱਚ ਉਹਨੇ ਇੱਕ ਅੱਧ ਠੁਮਕਾ ਮਾਰਿਆ ਵੀ, ਪਰ ਉਹ ਰੁੱਖ ਦੇ ਟਾਹਣੇ ਉੱਤੋਂ ਡਿੱਗਦਿਆਂ ਡਿੱਗਦਿਆਂ ਮਸਾਂ ਬਚੀ ਸੀ, ਪਰ ਉਹ ਸਭ ਕਾਸੇ ਤੋਂ ਬੇਪਰਵਾਹ ਮਨ ਹੀ ਮਨ ਨੱਚ ਰਹੀ ਸੀ। ਉਹਦਾ ਆਪਾ ਸਰੂਰਿਆ ਪਿਆ ਸੀ। ਉਹ ਚਾਂਂਭਲੀ ਹੋਈ ਤ੍ਰਿਵੈਣੀ ਦੇ ਰੁੱਖ ਉੱਤੇ ਇੱਕ ਟਾਹਣੀ ਤੋਂ ਦੂਜੀ ਟਾਹਣੀ ਉੱਤੇ ਛਲਾਂਗਾਂ ਮਾਰ ਰਹੀ ਸੀ।
ਦਿਨ ਚਿੱਟਾ ਚੜ੍ਹ ਪਿਆ ਸੀ। ਸੂਰਜ ਦੀਆਂ ਸੁਨਹਿਰੀ ਕਿਰਨਾਂ ਵਿੱਚੋਂ ਹਲਕਾ-ਹਲਕਾ ਸੇਕ ਆਉਣਾ ਸ਼ੁਰੂ ਹੋ ਗਿਆ ਸੀ। ਸਿਆਲ ਦੀ ਜਾ ਰਹੀ ਬੁੱਢੀ ਠੰਢ ਵਿੱਚ ਗਰਮੀ ਆਉਣੀ ਸ਼ੁਰੂ ਹੋ ਗਈ ਸੀ। ਬਸੰਤ ਦੀ ਆਮਦ ਨਾਲ ਖ਼ੁਸ਼ੀ ਵਿੱਚ ਝੂਮ ਰਹੇ ਹਰਿਆਉਲੇ ਬੂਟੇ ਆਪਣੇ ਪਿੰਡੇ ਉੱਤੇ ਪਈਆਂ ਤਰੇਲ ਦੀਆਂ ਬੂੰਦਾਂ ਨੂੰ ਚੁੰਮ ਰਹੇ ਸਨ। ਤਰੇਲ ਦੇ ਤੁਪਕਿਆਂ ਉੱਤੇ ਪੈ ਰਹੀਆਂ ਸੂਰਜੀ ਕਿਰਨਾਂ ਕਾਇਨਾਤ ਨੂੰ ਚਾਂਦੀ ਦੇ ਗਹਿਣਿਆਂ ਵਾਂਗ ਚਮਕਾ ਰਹੀਆਂ ਸਨ। ਚਾਰੇ ਪਾਸੇ ਸੁੰਦਰਤਾ ਆਪਣਾ ਜਲਵਾ ਦਿਖਾ ਰਹੀ ਸੀ। ਕੱਲੋ ਗੁਟਾਰ ਦੀ ਭੁੱਖ ਚਮਕਣੀ ਸ਼ੁਰੂ ਹੋ ਗਈ ਸੀ। ਉਹ ਚਾਹੁੰਦੀ ਸੀ ਪੀਲਾ ਮਿੱਠਾ ਹਲਵਾ ਉਹਦੇ ਮੂੰਹ ਵਿੱਚ ਆਪਣੇ ਆਪ ਉੱਡ ਕੇ ਆ ਪਵੇ। ਉਹ ਤ੍ਰਿਵੈਣੀ ਤੋਂ ਉੱਡ ਕੇ ਇੱਕ ਘਰ ਦੀ ਮੁੰਡੇਰ ਉੱਤੇ ਜਾ ਬੈਠੀ। ਪਰਿਵਾਰ ਵਾਲੇ ਅਜੇ ਚਾਹ ਪੀ ਰਹੇ ਸਨ। ਇੱਕ ਛੋਟੇ ਜਿਹੇ ਮੁੰਡੇ ਨੇ ਕੱਲੋ ਨੂੰ ਮੁੰਡੇਰ ਉੱਤੇ ਬੈਠੀ ਵੇਖਿਆ। ਇੱਕ ਨਿੱਕੀ ਜਿਹੀ ਰੋੜੀ ਕੱਲੋ ਵੱਲੀਂ ਵਗਾਹ ਮਾਰੀ। ਡਰ ਕੇ ਕੱਲੋ ਉੱਡ ਗਈ। ਉਹਦਾ ਦਿਲ ਧੱਕ-ਧੱਕ ਕਰਨ ਲੱਗ ਗਿਆ ਸੀ। ‘ਮਸਾਂ ਬਚੀ!’ ਉਹਨੇ ਸੋਚਿਆ, ‘ਜੇ ਰੋੜਾ ਸਿਰ ਵਿੱਚ ਵੱਜ ਜਾਂਦਾ ਤਾਂ ਮੌਤ ਪੱਕੀ ਸੀ।’
ਉਹ ਦੂਜੇ ਘਰ ਦੇ ਬਨੇਰੇ ਉੱਤੇ ਜਾ ਬੈਠੀ। ਉੱਥੋਂ ਵੀ ਕੁਝ ਨਾ ਮਿਲਿਆ। ਬੱਚੇ ਕੋਠਿਆਂ ਉੱਤੇ ਚੜ੍ਹ ਕੇ ਪਤੰਗਾਂ ਉਡਾਉਣ ਲੱਗ ਗਏ ਸਨ। ਕੋਠੇ ਦੇ ਬਨੇਰੇ ’ਤੇ ਬੈਠੀ ਕੱਲੋ ਨੂੰ ਪਤੰਗ ਉਡਾਉਂਦੇ ਇੱਕ ਬੱਚੇ ਨੇ ਸ਼ਿਸ਼ਕਾਰ ਕੇ ਉਡਾਇਆ ਤਾਂ ਉਹ ਬੁਰੀ ਤਰ੍ਹਾਂ ਡਰ ਗਈ। ਉੱਡਦਿਆਂ ਉਹਦੀ ਗਰਦਨ ਇੱਕ ਪਤੰਗ ਦੀ ਡੋਰ ਵਿੱਚ ਫਸਦਿਆਂ ਫਸਦਿਆਂ ਬਚੀ। ਉਹ ਦਹਿਲ ਗਈ। ਜੇ ਚਾਇਨਾ ਡੋਰ ਵਿੱਚ ਫਸ ਕੇ ਧੌਣ ਕੱਟੀ ਜਾਂਦੀ ਤਾਂ ਮਰੀ ਦੀ ਕਿਸੇ ਨੂੰ ਉੱਘ-ਸੁੱਘ ਵੀ ਨਹੀਂ ਲੱਗਣੀ ਸੀ। ਨਿਰਾਸ਼ਾ ਉਹਦੇ ਚਿਹਰੇ ’ਤੇ ਸਾਫ਼ ਦਿਖਾਈ ਦੇਣ ਲੱਗ ਪਈ ਸੀ। ਉਦਾਸ ਬੁਸਿਆ ਜਿਹਾ ਮੂੰਹ ਲੈ ਕੇ ਉਹ ਇੱਕ ਹੋਰ ਘਰ ਦੇ ਦਰਵਾਜ਼ੇ ਕੋਲ ਜਾ ਬੈਠੀ। ਉੱਥੇ ਇੱਕ ਬੱਚੇ ਦੇ ਪੁੱਛਣ ’ਤੇ ਮਾਂ ਨੇ ਕਿਹਾ ਕਿ ਅੱਜ ਦੁਪਹਿਰੇ ਮਿੱਠੇ ਪੀਲੇ ਚਾਵਲ ਬਣਾਵਾਂਗੇ।
ਇੱਕ ਹੋਰ ਘਰੋਂ ਆਵਾਜ਼ ਆਈ ਕਿ ਅੱਜ ਦਿਨੇ ਮਿੱਠਾ ਪੀਲਾ ਹਲਵਾ ਬਣੇਗਾ। ਦੂਜੇ ਘਰੋਂ ਕਿਸੇ ਮਾਂ ਦੀ ਆਵਾਜ਼ ਆਈ ਕਿ ਅੱਜ ਨੀਲੇ ਹਲਵਾਈ ਦੀ ਦੁਕਾਨ ਤੋਂ ਤੇਰਾ ਬਾਪੂ ਪੀਲੀ ਵੇਸਣ ਦੀ ਬਰਫ਼ੀ ਲੈ ਕੇ ਆਵੇਗਾ। ਕਿਸੇ ਘਰੋਂ ਪੀਲੇ ਲੱਡੂਆਂ ਦੀ ਆਵਾਜ਼ ਆਈ। ਸਭ ਪਕਵਾਨ ਦੁਪਹਿਰ ਦੇ ਖਾਣੇ ਦੇ ਸਮੇਂ ਹੀ ਆਉਣੇ ਸਨ। ਤੜਕੇ-ਤੜਕੇ ਤਾਂ ਚਾਹ ਤੋਂ ਬਿਨਾਂ ਕੁਝ ਵੀ ਨਹੀਂ ਸੀ। ਅੱਜ ਛੁੱਟੀ ਹੋਣ ਕਰਕੇ ਡਿਊਟੀ ਤਾਂ ਕਿਸੇ ਨੇ ਜਾਣਾ ਨਹੀਂ ਸੀ। ਇਸ ਲਈ ਰੋਜ਼ਮਰਾ ਦਾ ਖਾਣਾ ਵੀ ਲੇਟ ਹੀ ਤਿਆਰ ਹੋਣਾ ਸੀ। ਕੱਲੋ ਗੁਟਾਰ ਦੀ ਆਸ ਨਾ ਉਮੀਦੀ ਵਿੱਚ ਬਦਲਣੀ ਸ਼ੁਰੂ ਹੋ ਗਈ ਸੀ। ਉਦਾਸੀ ਨਾਲ ਉਹਦਾ ਮੂੰਹ ਸੁੱਕਣਾ ਸ਼ੁਰੂ ਹੋ ਗਿਆ ਸੀ। ਅੱਜ ਸਵੇਰੇ ਦਾ ਹੀ ਉਹਨੂੰ ਖਾਣ ਲਈ ਕੁਝ ਨਹੀਂ ਸੀ ਮਿਲਿਆ। ਉਹਨੂੰ ਬੇ ਵਜ੍ਹਾ ਹੀ ਬਨੇਰਿਆਂ ’ਤੇ ਬੈਠੀ ਵੇਖ ਕੇ ਬੱਚੇ ਰੋੜੀਆਂ ਮਾਰ-ਮਾਰ ਕੇ ਉਹਨੂੰ ਉਡਾਉਣ ਦਾ ਮਜ਼ਾ ਲੈ ਰਹੇ ਸਨ। ਉਹ ਦੁਖੀ ਅਤੇ ਤੰਗ ਹੋਈ ਬੈਠੀ ਸੀ। ਭੁੱਖ ਅਤੇ ਪਿਆਸ ਉਹਨੂੰ ਵਾਧੂ ਤੜਫ਼ਾ ਰਹੀ ਸੀ। ਉਹ ਲੋਕਾਂ ਦੇ ਮਜ਼ਾਕ ਦਾ ਕੇਂਦਰ ਬਣੀ ਬੈਠੀ ਸੀ।
ਅਖੀਰ ਉਹ ਵਾਪਸ ਤ੍ਰਿਵੈਣੀ ਉੱਤੇ ਆਣ ਬੈਠੀ। ਉਹਨੇ ਛੱਪੜ ਤੋਂ ਪਾਣੀ ਪੀਤਾ। ਛੱਪੜ ਦੇ ਮਟਮੈਲੇ ਪਾਣੀ ਵਿੱਚ ਉਹਨੂੰ ਆਪਣੀ ਸ਼ਕਲ ਬੜੀ ਭੈੜੀ ਜਿਹੀ ਨਜ਼ਰ ਆਈ। ਉਹਨੇ ਸੋਚਿਆ, ‘‘ਜੇ ਸਾਂਵਲੀ ਚਿੜੀ ਦੇ ਆਖੇ ਲੱਗ ਕੇ ਘਰੇ ਹੀ ਕੁਝ ਬਣਾ ਲੈਂਦੀ ਤਾਂ ਚੰਗੀ ਰਹਿੰਦੀ। ਅੱਜ ਸਾਰਾ ਦਿਨ ਭੁੱਖ ਦਾ ਸਾਹਮਣਾ ਨਾ ਕਰਨਾ ਪੈਂਦਾ।’’ ਉਹਨੂੰ ਸਾਂਵਲੀ ਦੀ ਆਖੀ ਗੱਲ ਕਿ ਸਾਨੂੰ ਦੂਜਿਆਂ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ। ਹੱਥੀਂ ਕੰਮ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਣਾ ਚਾਹੀਦਾ ਹੈ, ਚੇਤੇ ਆਈ।
ਅਖੀਰ ਬੜੀ ਨਿਰਾਸ਼ਾ ਪੱਲੇ ਲੈ ਕੇ ਉਹ ਪਰਤ ਆਈ। ਸਾਂਵਲੀ ਚਿੜੀ ਰੰਗਦਾਰ ਮਿੱਠੇ ਚਾਵਲ ਖਿਲਾ ਕੇ ਆਪਣੇ ਬੋਟਾਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਮਾਰ ਰਹੀ ਸੀ। ਕੱਲੋ ਗੁਟਾਰ ਆਈ ਵੇਖ ਕੇ ਸਾਂਵਲੀ ਬੋਲੀ, ‘‘ਕੱਲੋ ਭੈਣੇ ਬੜੀ ਉਦਾਸ ਦਿਸ ਰਹੀ ਏਂ! ਤਬੀਅਤ ਤਾਂ ਠੀਕ ਹੈ ਤੇਰੀ?’’
‘‘ਹਾਂ, ਹਾਂ ਸਾਂਵਲੀ ਭੈਣੇ, ਮੈਂ ਠੀਕ ਹਾਂ!’’ ਕੱਲੋ ਗੁਟਾਰ ਉਦਾਸੀ ਭਰੇ ਰੋਣ ਦੇ ਅੰਦਾਜ਼ ਵਿੱਚ ਬੋਲੀ। ਉਹਨੂੰ ਚਾਵਲਾਂ ਵਾਲੀ ਢਕੀ ਪਤੀਲੀ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਦਿਆਂ ਤੱਕ ਕੇ ਸਾਂਵਲੀ ਚਿੜੀ ਸਮਝ ਗਈ ਕਿ ਕੱਲੋ ਭੁੱਖੀ ਹੈ। ਪਿੰਡੋਂ ਇਹਨੂੰ ਖਾਣ ਲਈ ਕੁਝ ਵੀ ਨਹੀਂ ਮਿਲਿਆ। ਸਾਂਵਲੀ ਚਿੜੀ ਨੇ ਕਟੋਰੀ ਭਰ ਕੇ ਚਾਵਲ ਕੱਲੋ ਗੁਟਾਰ ਦੇ ਮੂਹਰੇ ਰੱਖ ਦਿੱਤੇ। ਕੱਲੋ ਬੜੀ ਹੀ ਹਲੀਮੀ ਨਾਲ ਰੰਗਦਾਰ ਮਿੱਠੇ ਚਾਵਲ ਖਾਣ ਲੱਗ ਪਈ।
ਸੰਪਰਕ: 96540-36080