ਪੀਯੂ ਦੀ ਹਲਫ਼ਨਾਮਾ ਪਾਲਿਸੀ ਖਿਲਾਫ਼ ਏਬੀਵੀਪੀ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 4 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਅੱਜ ਪੰਜਾਬ ਯੂਨੀਵਰਸਿਟੀ ਅਥਾਰਿਟੀ ਦੀ ਹਲਫ਼ਨਾਮਾ ਪਾਲਿਸੀ ਖਿਲਾਫ਼ ਵਾਈਸ ਚਾਂਸਲਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੇ ਦਫ਼ਤਰ ਵਿੱਚ ਜਾ ਕੇ ਇੱਕ ਵਿਦਿਆਰਥੀ ਹਿੱਤ ਹਲਫ਼ਨਾਮਾ ਵੀ ਸੌਂਪਿਆ ਗਿਆ। ਜਥੇਬੰਦੀ ਦੀ ਪੀ.ਯੂ. ਇਕਾਈ ਪ੍ਰਧਾਨ ਪਰਵਿੰਦਰਾ ਸਿੰਘ ਨੇਗੀ ਨੇ ਕਿਹਾ ਕਿ ਇਹ ਵਿਰੋਧ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਤਾਨਾਸ਼ਾਹੀ ਅਤੇ ਇੱਕ ਪਾਸੜ ਹਲਫ਼ਨਾਮੇ ਵਿਰੁੱਧ ਸੀ, ਜੋ ਕਿ ਵਿਦਿਆਰਥੀਆਂ ’ਤੇ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ। ਏ.ਬੀ.ਵੀ.ਪੀ. ਨੇ ਇਸ ਤਾਨਾਸ਼ਾਹੀ ਰਵੱਈਏ ਦਾ ਸਖ਼ਤ ਵਿਰੋਧ ਕੀਤਾ।ਜਥੇਬੰਦੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣਾ ਇੱਕ ‘ਵਿਦਿਆਰਥੀ ਹਿੱਤ ਹਲਫ਼ਨਾਮਾ’ ਵੀ ਸੌਂਪਿਆ, ਜਿਸ ਵਿੱਚ ਵਿਦਿਆਰਥੀਆਂ ਦੀਆਂ ਬੁਨਿਆਦੀ ਅਤੇ ਜਾਇਜ਼ ਮੰਗਾਂ ਸ਼ਾਮਲ ਕੀਤੀਆਂ ਗਈਆਂ। ਏਬੀਵੀਪੀ ਨੇ ਮੰਗ ਕੀਤੀ ਕਿ ਜਦੋਂ ਤੱਕ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਇਸ ਵਿਦਿਆਰਥੀ ਹਿੱਤ ਵਾਲ਼ੇ ਹਲਫ਼ਨਾਮੇ ’ਤੇ ਦਸਤਖਤ ਨਹੀਂ ਕਰਦੇ, ਉਦੋਂ ਤੱਕ ਕਿਸੇ ਵੀ ਵਿਦਿਆਰਥੀ ਨੂੰ ਮੌਜੂਦਾ ਪ੍ਰਬੰਧਕੀ ਹਲਫਨਾਮੇ ’ਤੇ ਦਸਤਖਤ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਥਾਰਿਟੀ ਇਸ ਬਾਰੇ ਜਲਦੀ ਫੈਸਲਾ ਨਹੀਂ ਲੈਂਦੀ ਤਾਂ ਏ.ਬੀ.ਵੀ.ਪੀ. ਪੰਜਾਬ ਯੂਨੀਵਰਸਿਟੀ ਇਕਾਈ ਅੰਦੋਲਨ ਨੂੰ ਤੇਜ਼ ਕਰੇਗੀ।