ਪੀਯੂ: ਛੁੱਟੀਆਂ ਦੌਰਾਨ ਹੋਵੇਗੀ ਆਨਲਾਈਨ ਪੜ੍ਹਾਈ

ਕੁਲਦੀਪ ਸਿੰਘ
ਚੰਡੀਗੜ੍ਹ, 25 ਮਾਰਚ
ਕਰੋਨਾਵਾਇਰਸ ਕਾਰਨ ਪੰਜਾਬ ਯੂਨੀਵਰਸਿਟੀ ਵਿਚ ਛੁੱਟੀਆਂ ਹੋਣ ਕਾਰਨ ਪੀਯੂ ਪ੍ਰਸ਼ਾਸਨ ਨੇ ਕੈਂਪਸ ਅਤੇ ਪੀਯੂ ਨਾਲ ਐਫੀਲੀਏਟਿਡ ਕਾਲਜਾਂ ਵਿੱਚ ਆਨਲਾਈਨ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਿਲੇਬਸ ਸਮੇਂ ਸਿਰ ਖ਼ਤਮ ਕਰਵਾਏ ਜਾ ਸਕਣ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਸ਼ੰਕਰਜੀ ਝਾਅ ਵੱਲੋਂ ਯੂਨੀਵਰਸਿਟੀ ਦੇ ਸਟਾਫ਼ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਟਾਫ਼ ਨੂੰ ਆਨਲਾਈਨ ਪੜ੍ਹਾਈ ਦੇ ਢੰਗ ਤਰੀਕਿਆਂ ਬਾਰੇ ਵੀ ਸਿਖਲਾਈ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਗੂਗਲ ਕਲਾਸਰੂਮ ਰਾਹੀਂ ਈ-ਲੈਕਚਰ ਦੇਣ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ; ਈਮੇਲ ਰਾਹੀਂ ਵਿਦਿਆਰਥੀਆਂ ਨੂੰ ਟੈਕਸਟ ਲੈਕਚਰ ਭੇਜਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਈਮੇਲ, ਵੱਟਸਐਪ ਜਾਂ ਸਕਾਈਪ ਰਾਹੀਂ ਹੱਲ ਕਰਨਾ ਵੀ ਸ਼ਾਮਲ ਹੈ। ਯੂ-ਟਿਯੂਬ ਅਧਾਰਿਤ ਲੈਕਚਰ/ਪ੍ਰੈਂਜ਼ੈਂਟੇਸ਼ਨਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀਡੀਓ ਕਾਨਫ਼ਰੰਸਿੰਗ ਰਾਹੀਂ ਵੀ ਦਿੱਤੇ ਜਾ ਸਕਣਗੇ। ਇੰਜੀਨੀਅਰਿੰਗ ਕੋਰਸਾਂ ਲਈ ਐਨ.ਪੀ.ਟੀ.ਈ.ਐਲ. ਪ੍ਰੋਗਰਾਮ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ ਜਦਕਿ ਭਾਸ਼ਾਈ ਕੋਰਸਾਂ ਲਈ ਵੱਟਸਐਪ ਅਤੇ ਵੀਡੀਓ ਕਾਲਾਂ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਬਣਾਇਆ ਜਾ ਸਕਦਾ ਹੈ।
ਡੀ.ਯੂ.ਆਈ. ਵੱਲੋਂ ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਗੈਸਟ ਫੈਕਲਟੀ ਨੂੰ ਇਸ ਆਨਲਾਈਨ ਪੜ੍ਹਾਈ ਦੇ ਕੰਮ ਵਿੱਚ ਲਗਾਇਆ ਜਾ ਸਕਦਾ ਹੈ ਜਿਸ ਦੇ ਚਲਦਿਆਂ ਪੇਡ ਲੈਕਚਰ, ਈ-ਟੀਚਿੰਗ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਆਨਲਾਈਨ ਹੱਲ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਐਚ.ਡੀ. ਦਾ ਵਾਈਵਾ ਵੋਸ 14 ਅਪਰੈਲ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ ਅਤੇ ਜਾਂ ਫਿਰ ਪੀਯੂ ਵੱਲੋਂ ਸਕਾਈਪ ਰਾਹੀਂ ਵਾਈਵਾ ਕਰਵਾਉਣ ਦੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ। ਕਰੋਨਾਵਾਇਰਸ ਕਰਕੇ ਪੀਜੀ/ਯੂ.ਜੀ. ਦੇ ਵਿਦਿਆਰਥੀ ਅਤੇ ਅਧਿਆਪਨ ਅਮਲਾ ਕੈਂਪਸ ਤੋਂ ਬਾਹਰ ਹਨ ਜਿਸ ਕਾਰਨ ਆਨਲਾਈਨ ਕਲਾਸਾਂ ਲਾਉਣ ਦਾ ਫੈਸਲਾ ਲਿਆ ਹੈ।