ਪੀਯੂ ਕਾਨਵੋਕੇਸ਼ਨ ਵਿੱਚ ਭਗਵੇਂਕਰਨ ਦਾ ਵਿਰੋਧ
ਕੁਲਦੀਪ ਸਿੰਘ
ਚੰਡੀਗੜ੍ਹ, 11 ਮਾਰਚ
ਪੰਜਾਬ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਵਿੱਚ ਇਸ ਵਾਰ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਲਈ ਰੱਖੇ ਗਏ ਭਗਵੇਂਕਰਨ ਡਰੈੱਸ ਕੋਡ ਦਾ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਵਿਰੋਧ ਕੀਤਾ ਗਿਆ ਹੈ।
‘ਸੱਥ’ ਦੇ ਆਗੂ ਅਸ਼ਮੀਤ ਸਿੰਘ ਨੇ ਕਿਹਾ ਕਿ ਪੀ.ਯੂ. ਵਿੱਚ ਭਾਜਪਾ/ਆਰਐੱਸਐੱਸ ਵੱਲੋਂ ਆਪਣਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਾਨਵੋਕੇਸ਼ਨ ਵਿੱਚ ਅਥਾਰਿਟੀ ਵੱਲੋਂ ਭਗਵੇਂ ਰੰਗ ਦੀ ਨਹਿਰੂ ਜੈਕੇਟ ਅਤੇ ਖਾਕੀ ਰੰਗ ਦੀ ਪੈਂਟ ਅਤੇ ਖਾਕੀ ਰੰਗ ਦੀ ਹੀ ਪੱਗ ਰੱਖ ਦਿੱਤੀ ਗਈ ਹੈ। ਇਸ ਗੱਲ ਤੋਂ ਸਾਫ਼ ਹੈ ਕਿ ਸਿੱਧੇ ਤੌਰ ’ਤੇ ਇੱਥੇ ਭਗਵਾਂਕਰਨ ਦੀ ਨੀਤੀ ਥੋਪੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੀਯੂ ਵਿੱਚ ਪਹਿਲਾਂ ਤਾਂ ਐੱਨਈਪੀ ਲਾਗੂ ਕਰਕੇ ਸਿਲੇਬਸ ਦਾ ਅਤੇ ਹੁਣ ਪਹਿਰਾਵੇ ਦਾ ਵੀ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਕਾਨਵੋਕੇਸ਼ਨ ਵਾਲੇ ਵਿਦਿਆਰਥੀਆਂ ਦੀਆਂ ਭਗਵੇਂ ਰੰਗ ਵਾਲੀਆਂ ਜੈਕੇਟਾਂ ’ਤੇ ਪੰਜਾਬ ਯੂਨੀਵਰਸਿਟੀ ਦੇ ਲੋਗੋ ਵਿੱਚ ਪੰਜਾਬ ਦੇ ਅੰਗਰੇਜ਼ੀ ਸਪੈਲਿੰਗਾਂ ਵਿੱਚ ‘ਏ’ ਦੀ ਜਗ੍ਹਾ ‘ਯੂ’ ਦੀ ਵਰਤੋਂ ਕੀਤੀ ਗਈ ਹੈ। ਵਿਰਾਸਤੀ ਯੂਨੀਵਰਸਿਟੀ ਸ਼ੁਰੂ ਤੋਂ ਚਲੇ ਆ ਰਹੇ ਸਪੈਲਿੰਗਾਂ ਵਿੱਚ ਬਦਲਾਅ ਵੀ ਅਥਾਰਿਟੀ ਦੀ ਸੋਚੀ ਸਮਝੀ ਚਾਲ ਜਾਪਦੀ ਹੈ।
ਵਿਦਿਆਰਥੀ ਜਥੇਬੰਦੀ ‘ਸੱਥ’ ਇਸ ਭਗਵਾਂਕਰਨ ਦੀ ਨੀਤੀ ਦਾ ਜ਼ੋਰ ਨਾਲ ਵਿਰੋਧ ਕਰਦੀ ਹੈ ਤੇ ਸਭ ਨੂੰ ਅਪੀਲ ਕਰਦੀ ਹੈ ਕਿ ਅਜਿਹੀਆਂ ਨੀਤੀਆਂ ਨੂੰ ਸਮਝ ਕੇ ਲਾਮਬੰਦ ਹੋਈਏ ਅਤੇ ਆਪਣੀ ਅਵਾਜ਼ ਬੁਲੰਦ ਕਰੀਏ।