ਪੀਐੱਸਯੂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਬਠਿੰਡਾ, 15 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਬਠਿੰਡਾ ਸ਼ਹਿਰ ਵਿੱਚ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕਰ ਕੇ ਡੀਸੀ ਦਫ਼ਤਰ ਸਾਹਮਣੇ ਧਰਨਾ ਲਗਾਇਆ ਅਤੇ ਵਿਦਿਆਰਥੀ ਮੰਗਾਂ ਸਬੰਧੀ ਡੀਸੀ ਬਠਿੰਡਾ ਦੇ ਨਾਂ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਖ਼ਿਲਾਫ਼ ਨਾਅਰੇਆਜ਼ੀ ਕੀਤੀ। ਜ਼ਿਲ੍ਹਾ ਆਗੂ ਰਜਿੰਦਰ ਸਿੰਘ ਅਤੇ ਕਾਲਜ ਕਮੇਟੀ ਦੇ ਕਨਵੀਨਰ ਅਰਮਾਨਦੀਪ ਸਿੰਘ ਨੇ ਕਿਹਾ ਕਿ ਸਸਤੀ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਦਾ ਭੋਗ ਪਾਉਣ ਵਿੱਚ ਕੋਈ ਵੀ ਸਰਕਾਰ ਪਿੱਛੇ ਨਹੀਂ ਹੈ। ਸਰਕਾਰੀ ਕਾਲਜ ਪ੍ਰੋਫ਼ੈਸਰਾਂ ਦੀ ਘਾਟ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਰਾਜਿੰਦਰਾ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਲੈਕਚਰ ਪਾਸ ਆਊਟ ਵਿਦਿਆਰਥੀ ਲਗਾ ਰਹੇ ਹਨ। ਪੋਸਟਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਕਈ ਦਲਿਤ ਵਿਦਿਆਰਥੀ ਵਜੀਫ਼ੇ ਉਡੀਕ ਰਹੇ ਹਨ ਪਰ ਸਰਕਾਰ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਭੇਜ ਰਹੀ। ਜਰਨਲ ਤੇ ਬੀਸੀ ਵਿਦਿਆਰਥੀਆਂ ਲਈ ਲਾਗੂ ਕੀਤੀ ਮੁੱਖ ਮੰਤਰੀ ਵਜੀਫ਼ਾ ਸਕੀਮ ਦਾ ਵੀ ਘੇਰਾ ਬਹੁਤ ਸੀਮਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਧਰਨੇ ਵਿੱਚ ਪੁੱਜੇ ਸੂਬਾਈ ਆਗੂ ਧੀਰਜ ਕੁਮਾਰ ਨੇ ਕਿਹਾ ਕੇਂਦਰ ਸਰਕਾਰ ਦੀ ਨੀਤੀ ਭਾਰਤ ਦਾ ਸੰਘਵਾਦੀ ਢਾਂਚਾ ਤਬਾਹ ਕਰ ਕੇ ਤਾਕਤਾਂ ਨੂੰ ਆਪਣੇ ਹੱਥ ਲੈਣ ਦੀ ਸਾਜ਼ਿਸ਼ ਹੈ ਤਾਂ ਕਿ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿੱਚ ਕੋਈ ਰੁਕਾਵਟ ਨਾ ਰਹੇ। ਇਸੇ ਏਜੰਡੇ ਨੂੰ ਪੂਰਾ ਕਰਨ ਲਈ ਹੀ ਭਾਜਪਾ ਵੱਲੋਂ ਸਿਲੇਬਸ ਵਿੱਚ ਸ਼ਾਮਲ ਵਿਗਿਆਨਕ, ਅਗਾਂਹਵਧੂ ਅਤੇ ਜਮਹੂਰੀ ਹਿੱਸੇ ਹਟਾਏ ਗਏ ਹਨ। ਹੁਣ ਸਕੂਲਾਂ ਵਿੱਚ ਇਤਿਹਾਸ ਦੀ ਥਾਂ ਮਿਥਿਹਾਸ ਪੜ੍ਹਾਇਆ ਜਾਵੇਗਾ।