ਨਿੱਜੀ ਪੱਤਰ ਪ੍ਰੇਰਕਲੁਧਿਆਣਾ, 4 ਜੁਲਾਈਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਘਰੇਲੂ ਪੱਧਰ ’ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਕਰਨ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ 27 ਸਿਖਿਆਰਥੀਆਂ ਨੇ ਭਾਗ ਲਿਆ। ਸਕਿੱਲ ਡਿਵੈੱਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 30 ਜੂਨ ਤੋਂ 4 ਜੁਲਾਈ ਤੱਕ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਘਰ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਤੋਂ ਤਿਆਰ ਹੋਣ ਵਾਲੇ ਖਾਦ ਪਦਾਰਥ ਤੇ ਇਨ੍ਹਾਂ ਦੇ ਮੰਡੀਕਰਨ ਬਾਰੇ ਮਾਹਿਰਾਂ ਕੋਲੋਂ ਬਾਰੀਕੀਆਂ ਸਿੱਖੀਆਂ।ਇਸ ਮੌਕੇ ਕੋਰਸ ਦੇ ਕੋ-ਆਰਡੀਨੇਟਰ ਡਾ. ਕੁਲਵੀਰ ਕੌਰ ਨੇ ਕੋਰਸ ਦੀ ਭੂਮਿਕਾ ਅਤੇ ਕੋਰਸ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਜਦਕਿ ਤਕਨੀਕੀ ਕੋ-ਆਰਡੀਨੇਟਰ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਸੁਖਪ੍ਰੀਤ ਕੌਰ ਅਤੇ ਡਾ. ਜਗਬੀਰ ਰੀਹਲ ਨੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਸਿੱਖਿਆਰਥੀਆਂ ਨਾਲ ਸਾਂਝੀ ਕੀਤੀ। ਡਾ. ਪ੍ਰੇਰਨਾ ਕਪਿਲਾ ਨੇ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਨਿਯਮਾਂ ਬਾਰੇ ਦੱਸਿਆ ਜਦਕਿ ਮੈਡਮ ਕੁਲਦੀਪ ਕੌਰ ਨੇ ਕੱਚੇ ਅੰਬਾਂ ਤੋਂ ਅੰਬ ਚੂਰ ਪਾਊਡਰ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਮੈਡਮ ਕੰਵਲਜੀਤ ਕੌਰ ਨੇ ਸਿੱਖਿਆਰਥੀਆਂ ਨੂੰ ਪੀਏਯੂ ਵੱਲੋਂ ਲਾਏ ਜਾਂਦੇ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ।