ਪੀਐੱਸਜੀ ਨੇ ਪਹਿਲੀ ਵਾਰ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ
ਮਿਊਨਿਖ, 1 ਜੂਨ
ਪੈਰਿਸ ਸੇਂਟ-ਜਰਮਨ (ਪੀਐੱਸਜੀ) ਨੇ ਇੱਥੇ ਖੇਡੇ ਗਏ ਫਾਈਨਲ ਵਿੱਚ ਡਿਜ਼ਾਇਰ ਡੋ ਦੇ ਦੋ ਗੋਲਾਂ ਦੀ ਮਦਦ ਨਾਲ ਇੰਟਰ ਮਿਲਾਨ ਨੂੰ 5-0 ਨਾਲ ਹਰਾ ਕੇ ਪਹਿਲੀ ਵਾਰ ਯੂਰਪੀਅਨ ਕਲੱਬ ਫੁੱਟਬਾਲ ਦੇ ਸਭ ਤੋਂ ਵੱਡੇ ਮੁਕਾਬਲੇ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ। ਪੀਐੱਸਜੀ ਨੇ ਪ੍ਰਸ਼ੰਸਕਾਂ ਦੇ ਭਾਰੀ ਸਮਰਥਨ ਵਿਚਾਲੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇੰਟਰ ਮਿਲਾਨ ਦੇ ਸਮਰਥਕਾਂ ਨੂੰ ਆਖਰੀ ਸੀਟੀ ਵੱਜਣ ਤੋਂ ਪਹਿਲਾਂ ਹੀ ਸਟੇਡੀਅਮ ਛੱਡਣ ਲਈ ਮਜਬੂਰ ਕਰ ਦਿੱਤਾ। ਪੀਐੱਸਜੀ ਲਈ ਡੋ ਨੇ 20ਵੇਂ ਅਤੇ 63ਵੇਂ ਮਿੰਟ ਵਿੱਚ ਗੋਲ ਕੀਤੇ। ਇਸੇ ਤਰ੍ਹਾਂ ਅਚਰਾਫ ਹਕੀਮੀ (12ਵੇਂ ਮਿੰਟ), ਖਵਿਚਾ ਕਵਾਰਤਸਖੇਲੀਆ (73ਵੇਂ ਮਿੰਟ) ਅਤੇ ਬਦਲਵੇਂ ਖਿਡਾਰੀ ਸੇਨੀ ਮਯੁਲੂ (86ਵੇਂ ਮਿੰਟ) ਨੇ ਇੱਕ-ਇੱਕ ਗੋਲ ਕਰਕੇ ਪੀਐੱਸਜੀ ਲਈ ਰਿਕਾਰਡ ਜਿੱਤ ਯਕੀਨੀ ਬਣਾਈ। ਇਹ ਪਿਛਲੇ 70 ਸਾਲਾਂ ਵਿੱਚ ਚੈਂਪੀਅਨਜ਼ ਲੀਗ ਫਾਈਨਲ ਵਿੱਚ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ।
ਪੀਐੱਸਜੀ ਦੇ ਕੋਚ ਲੁਈਸ ਐਨਰਿਕ ਨੇ ਕਿਹਾ, ‘ਅਸੀਂ ਚੈਂਪੀਅਨਜ਼ ਲੀਗ ਟਰਾਫੀ ਜਿੱਤ ਗਏ ਹਾਂ। ਜਦੋਂ ਮੈਂ ਪੀਐੱਸਜੀ ਵਿੱਚ ਸ਼ਾਮਲ ਹੋਇਆ ਸੀ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਸਾਡਾ ਟੀਚਾ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣਾ ਹੈ। ਇਹ ਇੱਕੋ-ਇੱਕ ਟਰਾਫੀ ਸੀ, ਜੋ ਅਸੀਂ ਹਾਲੇ ਤੱਕ ਨਹੀਂ ਜਿੱਤੀ ਸੀ।’ ਇਹ ਉਹ ਟਰਾਫੀ ਹੈ ਜੋ ਲਿਓਨਲ ਮੈਸੀ, ਨੇਮਾਰ ਜਾਂ ਕੇ. ਐੱਮਬਾਪੇ ਵਰਗੇ ਖਿਡਾਰੀ ਵੀ ਫਰੈਂਚ ਕਲੱਬ ਲਈ ਨਹੀਂ ਜਿੱਤ ਸਕੇ। ਇਸ ਤੋਂ ਪਹਿਲਾਂ ਪੀਐੱਸਜੀ 2020 ਵਿੱਚ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਪਹੁੰਚੀ ਸੀ ਪਰ ਫਿਰ ਬਾਇਰਨ ਮਿਊਨਿਖ ਤੋਂ ਹਾਰ ਗਈ ਸੀ। -ਏਪੀ