ਪਿੱਲੂਖੇੜਾ ਕਸਬੇ ਦੀਆਂ ਸਮੱਸਿਆਵਾਂ ਸਬੰਧੀ ਵਿਧਾਇਕ ਨੂੰ ਮੰਗ ਪੱਤਰ
ਮਹਾਂਵੀਰ ਮਿੱਤਲ
ਜੀਂਦ, 10 ਜੂਨ
ਪਿੱਲੂਖੇੜਾ ਦੀ ਭਗਵਾਨ ਪਰਸੂਰਾਮ ਧਰਮਸ਼ਾਲਾ ਵਿੱਚ ਮਨਾਏ ਗਏ ਭਗਵਾਨ ਪਰਸੂ ਰਾਮ ਦੇ ਜਨਮ ਉਤਸਵ ਸਮਾਰੋਹ ਵਿੱਚ ਸਫੀਦੋਂ ਹਲਕੇ ਦੇ ਵਿਧਾਇਕ ਰਾਮ ਕੁਮਾਰ ਗੌਤਮ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਡਾ. ਕਸ਼ਮੀਰੀ ਲਾਲ ਸ਼ਰਮਾ ਨੇ ਕੀਤੀ। ਇਸ ਮੌਕੇ ਪ੍ਰੋਗਰਾਮ ਵਿੱਚ ਵਿਧਾਇਕ ਨੇ ਮੁੱਖ ਮਹਿਮਾਨ, ਗੈਸਟ ਆਫ ਆਨਰ ਦੇ ਤੌਰ ਉੱਤੇ ਭਿਵਾਨੀ ਦੇ ਡੀਸੀ ਮਹਾਂਵੀਰ ਕੌਸ਼ਿਕ, ਧਰਮਿੰਦਰ ਪੜਾਨਾ, ਭਾਜਪਾ ਦੇ ਯੁਵਾ ਨੇਤਾ ਕੈਪਟਨ ਯੋਗੇਸ਼ ਕੁਮਾਰ ਤੇ ਰਾਧੇ ਸ਼ਾਮ ਸ਼ਰਮਾ ਨੇ ਵਿਸੇਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਡਾ. ਜੋਤੀ ਸ਼ਰਮਾ ਗੋਲਡ ਮੈਡਲਿਸਟ ਦਾ ਵੀ ਸਨਮਾਨ ਕੀਤਾ ਗਿਆ।
ਪ੍ਰਧਾਨ ਡਾ. ਕਸ਼ਮੀਰੀ ਲਾਲ ਨੇ ਸਮਿਤੀ ਅਤੇ ਸਮੂਹ ਇਲਾਕੇ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪਗੜੀ, ਸ਼ਾਲ, ਫੁੱਲਮਾਲਾਵਾਂ ਅਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਪਿੱਲੂਖੇੜਾ ਕਸਬੇ ਲਈ ਕੁੱਝ ਮੰਗਾਂ ਦਾ ਮੰਗ-ਪੱਤਰ ਭੇਟ ਕੀਤਾ ਗਿਆ। ਇਸ ਵਿੱਚ ਪਿੱਲੂਖੇੜਾ ਵਿੱਚ ਜਾਮ ਦੀ ਸਮੱਸਿਆ, ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸ਼ਾਮਲੋਂ ਮਾਈਨਰ ਰਜਵਾਹਾ ਦੇ ਨਾਲ-ਨਾਲ ਪਿੱਲੂਖੇੜਾ ਦੀ ਨਵੀਂ ਅਨਾਜ ਮੰਡੀ ਤੋਂ ਹੁੰਦੇ ਹੋਏ ਭੁਰਾਇਣ ਜਾਮਨੀ ਰੋਡ ਦੀ ਰੇਲਵੇ ਫਾਟਕ ਤਕ ਬਾਈਪਾਸ ਦਾ ਨਿਰਮਾਣ ਕਰਵਾਉਣ, ਪਿੱਲੁਖੇੜਾ ਨੂੰ ਪੂਰਨ ਤਹਿਸੀਲ ਦਾ ਦਰਜਾ, ਮਹਾਂਗ੍ਰਾਮ ਜਾਂ ਸਬ ਅਰਬਨ ਏਰੀਆ ਦਾ ਦਰਜਾ ਦੇਣ, ਆਈਟੀਆਈ, ਲੜਕੀਆਂ ਲਈ ਕਾਲਜ ਅਤੇ ਸਟਰੀਟ ਲਾਈਟਾਂ ਆਦਿ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੰਗਾਂ ਪੂਰੀਆਂ ਕਰਨ ਲਈ ਯਤਨ ਕਰਨਗੇ ਅਤੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਨਗੇਂ।