ਪਿੱਚ ਤੋਂ ਮਿਲ ਰਹੀ ਮੂਵਮੈਂਟ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ: ਲੈਥਮ

ਟੌਮ ਲੈਥਮ

ਕ੍ਰਾਈਸਟਚਰਚ, 27 ਫਰਵਰੀ
ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ੀ ਟੌਮ ਲੈਥਮ ਦਾ ਮੰਨਣਾ ਹੈ ਕਿ ਦੂਜੇ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪ੍ਰੇਸ਼ਾਨੀ ’ਚ ਪਾਉਣ ਲਈ ਉਨ੍ਹਾਂ ਦੀ ਟੀਮ ਪਿੱਚ ਤੋਂ ਮਿਲਣ ਵਾਲੇ ਮੂਵਮੈਂਟ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗੀ। ਕੋਹਲੀ ਇਸ ਦੌਰੇ ’ਤੇ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਉਸ ਨੇ ਵੈਲਿੰਗਟਨ ਵਿੱਚ ਪਹਿਲੇ ਟੈਸਟ ਮੈਚ ’ਚ ਦੋ ਅਤੇ 19 ਦੌੜਾਂ ਬਣਾਈਆਂ ਸਨ।
ਲੈਥਮ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਦੋਂ ਵਿਰਾਟ ਬੱਲੇਬਾਜ਼ੀ ਲਈ ਆਵੇਗਾ ਤਾਂ ਅਸੀਂ ਤਿਆਰੀ ਹੋ ਜਾਵਾਂਗੇ। ਉਹ ਬਿਹਤਰੀਨ ਬੱਲੇਬਾਜ਼ ਹੈ ਅਤੇ ਇਹੀ ਵਜ੍ਹਾ ਹੈ ਕਿ ਉਹ ਲੰਬੇ ਸਮੇਂ ਤੱਕ ਨੰਬਰ ਇਕ ਬੱਲੇਬਾਜ਼ ਰਿਹਾ।’’ ਉਸ ਨੇ ਕਿਹਾ, ‘‘ਉਸ ਨੇ ਲੰਬੇ ਸਮੇਂ ਤੱਕ ਚੰਗਾ ਪ੍ਰਦਰਸ਼ਨ ਕੀਤਾ ਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ’ਚ ਚੰਗਾ ਖੇਡ ਦਿਖਾਇਆ। ਜੇਕਰ ਪਿੱਚ ਤੋਂ ਇਕਪਾਸੜ ਮੂਵਮੈਂਟ ਮਿਲਦਾ ਹੈ ਤਾਂ ਅਸੀਂ ਉਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ।’’
ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਵੈਲਿੰਗਟਨ ’ਚ ਆਸ ਮੁਤਾਬਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਪਰ ਲੈਥਮ ਨੇ ਕਿਹਾ ਕਿ ਉਹ ਵਿਸ਼ਵ ਪੱਧਰੀ ਗੇਂਦਬਾਜ਼ ਹਨ ਅਤੇ ਟੀਮ ਉਨ੍ਹਾਂ ਨੂੰ ਲੈ ਕੇ ਨਿਸ਼ਚਿਤ ਤੌਰ ’ਤੇ ਚੌਕਸ ਰਹੇਗੀ। ਉਸ ਨੇ ਕਿਹਾ, ‘‘ਪਹਿਲੇ ਟੈਸਟ ਮੈਚ ਵਿੱਚ ਅਸੀਂ ਅਸਲ ਵਿਚ ਇਨ੍ਹਾਂ ਗੇਂਦਬਾਜ਼ਾਂ ਦਾ ਚੰਗਾ ਮੁਕਾਬਲਾ ਕੀਤਾ ਪਰ ਉਹ ਵਿਸ਼ਵ ਪੱਧਰੀ ਗੇਂਦਬਾਜ਼ ਹਨ ਅਤੇ ਸਾਨੂੰ ਚੌਕਸ ਰਹਿਣਾ ਹੋਵੇਗਾ। ਨਿਸ਼ਚਿਤ ਤੌਰ ’ਤੇ ਉਹ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਅਸੀਂ ਉਨ੍ਹਾਂ ਦਾ ਚੰਗੀ ਤਰ੍ਹਾਂ ਮੁਕਾਬਲਾ ਕਰਦੇ ਹਾਂ ਤਾਂ ਇਸ ਤੋਂ ਸਾਡੇ ਕੋਲ ਚੰਗਾ ਮੌਕਾ ਹੋਵੇਗਾ।’’
ਲੈਥਮ ਨੇ ਕਿਹਾ ਕਿ ਨੀਲ ਵੈਗਨਰ ਦੀ ਵਾਪਸੀ ਨਾਲ ਟੀਮ ਦੀ ਗੇਂਦਬਾਜ਼ੀ ਵਧੇਰੇ ਮਜ਼ਬੂਤ ਹੋਈ ਹੈ। ਉਸ ਨੇ ਕਿਹਾ, ‘‘ਉਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਾਹਲਾ ਹੋਵੇਗਾ। ਉਹ ਕਈ ਸਾਲਾਂ ਤੋਂ ਸਾਡੇ ਲਈ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਉਹ ਛੋਟੇ ਕੱਦ ਦਾ ਗੇਂਦਬਾਜ਼ ਹੈ ਅਤੇ ਅਜਿਹੇ ਵਿੰਚ ਉਸ ਲਈ ਖੇਡਣਾ ਆਸਾਨ ਨਹੀਂ ਹੁੰਦਾ ਹੈ।’’

-ਪੀਟੀਆਈ