ਪੱਤਰ ਪ੍ਰੇਰਕਚੇਤਨਪੁਰਾ, 7 ਜੂਨਹਲਕਾ ਅਜਨਾਲਾ ਦੇ ਪਿੰਡ ਵਿਛੋਆ ਦੇ ਵਾਸੀਆਂ ਨੇ ਪੰਚਾਇਤ ਮੈਂਬਰਾਂ ਨਾਲ ਪੁਲੀਸ ਵੱਲੋਂ ਕਥਿਤ ਦੁਰਵਿਹਾਰ ਕਰਨ ’ਤੇ ਥਾਣਾ ਝੰਡੇਰ ਅੱਗੇ ਧਰਨਾ ਲਾਇਆ ਤੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਰਪੰਚ ਸੰਦੀਪ ਕੌਰ ਦੇ ਪਤੀ ਸਾਜਨ ਮੱਟੂ ਨੇ ਕਿਹਾ ਕਿ ਉਹ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਵਿੱਚ ਹੋਏ ਝਗੜੇ ’ਚ ਸ਼ਾਮਲ ਮੁਲਜ਼ਮਾਂ ਖਿਲਾਫ ਕਾਰਵਾਈ ਲਈ ਥਾਣਾ ਝੰਡੇਰ ਦੇ ਐੱਸਐੱਚਓ ਨੂੰ ਮਿਲਣ ਥਾਣੇ ਗਏ ਸਨ ਪਰ ਇਨਸਾਫ਼ ਦੇਣ ਦੀ ਥਾਂ ਥਾਣਾ ਮੁਖੀ ਵੱਲੋਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ। ਸਾਜਨ ਮੱਟੂ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਨੇ ਜਾਤੀ ਸੂਚਕ ਸ਼ਬਦ ਵੀ ਵਰਤੇ ਹਨ। ਇਸ ਦੌਰਾਨ ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਬੇਨਤੀ ਕੀਤੀ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਦੁਰਵਿਹਾਰ ਕਰਨ ਵਾਲੇ ਥਾਣਾ ਮੁਖੀ ਨੂੰ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਮੈਂਬਰ ਪੰਚਾਇਤ ਦਲਬੀਰ ਸਿੰਘ, ਮੈਂਬਰ ਪੰਚਾਇਤ ਸਤਨਾਮ ਸਿੰਘ, ਮੈਂਬਰ ਪੰਚਾਇਤ ਰਜਿੰਦਰ ਸਿੰਘ, ਸਾਬਕਾ ਮੈਂਬਰ ਮੱਸਾ ਸਿੰਘ, ਕਸ਼ਮੀਰ ਸਿੰਘ, ਮੰਗਾ ਸਿੰਘ, ਹਰਮੇਲ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਸਵਿੰਦਰ ਸਿੰਘ, ਅੰਗਰੇਜ ਸਿੰਘ, ਸਾਹਿਬ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਥਾਣਾ ਝੰਡੇਰ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਥਾਣੇ ਵਿੱਚ ਆਇਆਂ ਨੂੰ ਅਜੇ 8 ਦਿਨ ਹੀ ਹੋਏ ਹਨ ਜਦ ਕਿ ਇਹ ਮਾਮਲਾ ਦੋ ਮਹੀਨੇ ਪੁਰਾਣਾ ਹੈ। ਪੁਲੀਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਚਾਇਤ ਵੱਲੋਂ ਲਾਏ ਦੁਰਵਿਹਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।