ਪਿੰਡ ਬੇਚਿਰਾਗ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਰੈਲੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਫਰਵਰੀ
ਪਿੰਡ ਬੇਚਿਰਾਗ ਦੀ ਜ਼ਮੀਨ ਵਿੱਚ 28 ਫਰਵਰੀ ਨੂੰ ਦੀਵਾ ਲਾਉਣ ਦੀ ਤਿਆਰੀ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਇਥੇ ਗਦਰ ਮੈਮੋਰੀਅਲ ਭਵਨ ’ਚ ਰੈਲੀ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਜ਼ਮੀਨ ਦੀ ਕਾਣੀ ਵੰਡ ਖਿਲਾਫ ਲਾਮਬੰਦੀ ਅਤੇ ਵੱਡੇ ਸੰਘਰਸ਼ ਦੀ ਤਿਆਰੀ ਲਈ ਵਿਸ਼ਾਲ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਅਤੇ ਇਸ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ ਲਈ 28 ਫਰਵਰੀ ਨੂੰ ਸੰਗਰੂਰ ਨੇੜੇ ਜੀਂਦ ਰਿਆਸਤ ਦੇ ਰਾਜੇ ਦੀ ਬੇਚਿਰਾਗ ਪਿੰਡ ਦੀ 927 ਏਕੜ ਜ਼ਮੀਨ ਵਿੱਚ ਦੀਵਾ ਲਾਉਣ ਦੀ ਤਿਆਰੀ ਸਬੰਧੀ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਹੈ। ਮੁਕੇਸ਼ ਮਲੌਦ ਨੇ ਕਿਹਾ ਕਿ ਭਾਵੇਂ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰ ਹੋ ਚੁੱਕੇ ਹਨ ਅਤੇ 1972 ਦੇ ਜ਼ਮੀਨ ਹੱਦਬੰਦੀ ਕਾਨੂੰਨ ਮੁਤਾਬਕ ਕੋਈ ਵੀ ਪਰਿਵਾਰ ਸਾਢੇ 17 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਪਰ ਅੱਜ ਵੀ ਇਸ ਕਾਨੂੰਨ ਨੂੰ ਜ਼ਮੀਨੀ ਪੱਧਰ ਉੱਪਰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਦਲਿਤਾਂ ਕੋਲ ਸਿਰ ਢਕਣ ਜੋਗੀ ਛੱਤ ਵੀ ਨਹੀਂ ਹੈ ਅਤੇ ਦੂਸਰੇ ਪਾਸੇ ਸੈਂਕੜੇ ਏਕੜ ਬੇਨਾਮੀਆਂ ਜ਼ਮੀਨਾਂ ’ਤੇ ਵੱਡੇ ਭੂਮੀਪਤੀਆਂ ਦਾ ਕਬਜ਼ਾ ਹੈ। ਉਨਾਂ ਲੋਕਾਂ ਨੂੰ ਜ਼ਮੀਨ ਦੀ ਕਾਣੀ ਵੰਡ ਖਿਲਾਫ ਵਿਸ਼ਾਲ ਲਾਮਬੰਦੀ ਅਤੇ ਵੱਡੇ ਸੰਘਰਸ਼ ਦੀ ਤਿਆਰੀ ਲਈ ਵਿਸ਼ਾਲ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੌਆ, ਗੁਰਚਰਨ ਸਿੰਘ ਘਰਾਚੋਂ, ਗੁਰਵਿੰਦਰ ਬੌੜਾਂ, ਗੁਰਵਿੰਦਰ ਸ਼ਾਦੀਹਰੀ ਅਤੇ ਜਸਬੀਰ ਕੌਰ ਹੇੜੀਕੇ ਨੇ ਵੀ ਸੰਬੋਧਨ ਕੀਤਾ।