ਪਿੰਡ ਛਿੱਛਰਾਂ ਵਿੱਚ ਹੋਏ ਪੰਜ ਧਮਾਕੇ, ਖੇਤਾਂ ’ਚ ਵੱਡਾ ਟੋਆ
ਕੇਪੀ ਸਿੰਘ
ਗੁਰਦਾਸਪੁਰ, 10 ਮਈ
ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਛਿੱਛਰਾਂ ਵਿੱਚ ਅੱਜ ਸਵੇਰੇ ਪੌਣੇ ਪੰਜ ਵਜੇ ਪੰਜ ਜ਼ੋਰਦਾਰ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਨਾਲ ਖੇਤਾਂ ਵਿੱਚ 35 ਫੁੱਟ ਚੌੜਾ ਅਤੇ 10 ਫੁੱਟ ਡੂੰਘਾ ਟੋਆ ਪੈ ਗਿਆ। ਇਸ ਟੋਏ ਨੇੜੇ ਮਿਜ਼ਾਈਲ ਜਾਂ ਬੰਬ ਦੇ ਕੋਈ ਖ਼ੋਲ ਵੇਖਣ ਨੂੰ ਨਹੀਂ ਮਿਲੇ। ਇਸ ਦੌਰਾਨ ਨੇੜੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਟਰਾਂਸਫ਼ਾਰਮਰ ਵੀ ਨੁਕਸਾਨਿਆ ਗਿਆ। ਸੰਪੂਰਨ ਸਿੰਘ ਅਤੇ ਜਸਬੀਰ ਸਿੰਘ ਦੇ ਘਰਾਂ ਦੀਆਂ ਬਾਰੀਆਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਵੀ ਧਮਾਕਿਆਂ ਨਾਲ ਟੁੱਟ ਗਏ। ਪਿੰਡ ਵਾਸੀ ਗੁਰਕਰਨ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਧਮਾਕਿਆਂ ਨਾਲ ਤਾਂ ਕੁਝ ਨਹੀਂ ਹੋਇਆ ਪਰ ਪਿੱਛੋਂ ਹੋਏ 3 ਧਮਾਕਿਆਂ ਕਾਰਨ ਉਨ੍ਹਾਂ ਦੇ ਘਰ ਦਾ ਕਾਫ਼ੀ ਨੁਕਸਾਨ ਹੋਇਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕੁਲਵੰਤ ਸਿੰਘ, ਥਾਣਾ ਮੁਖੀ ਸਰਬਜੀਤ ਸਿੰਘ ਚਾਹਲ ਤੋਂ ਇਲਾਵਾ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ।
ਪਿੰਡ ਮੱਲ ਸਿੰਘ ਵਾਲਾ ਦੇ ਖੇਤਾਂ ’ਚ ਮਿਜ਼ਾਈਲਨੁਮਾ ਚੀਜ਼ ਡਿੱਗੀ
ਮਾਨਸਾ (ਜੋਗਿੰਦਰ ਸਿੰਘ ਮਾਨ): ਨੇੜਲੇ ਪਿੰਡ ਮੱਲ ਸਿੰਘ ਵਾਲਾ ’ਚ ਅੱਧੀ ਰਾਤ ਖੇਤਾਂ ਵਿੱਚ ਮਿਜ਼ਾਈਲਨੁਮਾ ਚੀਜ਼ ਡਿੱਗਣ ਨਾਲ ਵੱਡਾ ਧਮਾਕਾ ਹੋਇਆ। ਇਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ ’ਚ ਇਕਦਮ ਰੌਸ਼ਨੀ ਹੋਈ। ਦੇਖਦੇ ਹੀ ਪਿੰਡ ਦੇ ਬਾਹਰ ਖੇਤਾਂ ’ਚ ਧਮਾਕਾ ਹੋਇਆ ਅਤੇ ਅੱਗ ਦੇ ਭਾਂਬੜ ਨਿਕਲੇ। ਉਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ 10 ਫੁੱਟ ਤੱਕ ਡੂੰਘਾ ਟੋਆ ਪੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਦੇਖਣ ’ਚ ਇਹ ਕੋਈ ਮਿਜ਼ਾਈਲਨੁਮਾ ਚੀਜ਼ ਜਾਪਦੀ ਹੈ। ਇਸ ਮੌਕੇ ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ, ਡੀਐੱਸਪੀ ਪੁਸ਼ਪਿੰਦਰ ਸਿੰਘ ਅਤੇ ਡੀਐੱਸਪੀ ਸਿਕੰਦਰ ਸਿੰਘ ਚੀਮਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ।