ਪਿੰਡ ਚੜਿੱਕ ’ਚ ਕਾਰੋਬਾਰੀ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਫਰਵਰੀ
ਇੱਥੋਂ ਨੇੜਲੇ ਪਿੰਡ ਚੜਿੱਕ ਵਿੱਚ ਅੱਜ ਮੋਟਰਸਾਈਕਲ ਸਵਾਰਾਂ ਨੇ ਕੱਪੜਾ ਕਾਰੋਬਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ। ਗੈਂਗਸਟਰਾਂ ਵੱਲੋਂ ਵਟਸਐੱਪ ਰਾਹੀਂ ਆ ਰਹੇ ਧਮਕੀ ਭਰੇ ਫੋਨਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਪਿੰਡ ਵਿੱਚ ਆਰਜ਼ੀ ਥਾਣਾ ਵੀ ਹੈ। ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਟੀਮਾਂ ਵੱਲੋਂ ਹਮਲਾਵਰਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ, ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪਿੰਡ ਵਿਚ ਪਹਿਲਾਂ ਵੀ ਹੋਰ ਦੁਕਾਨਦਾਰਾਂ ਨੂੰ ਫਿਰੌਤੀ ਲਈ ਧਮਕੀ ਭਰੇ ਫੋਨ ਆ ਚੁੱਕੇ ਹਨ। ਚੜਿੱਕ ਵਿੱਚ ਸ਼ਾਮ ਕਰੀਬ ਪੰਜ ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ‘ਲਾਲ ਦੀ ਹੱਟੀ’ ਦੇ ਨਾਮ ’ਤੇ ਕੰਮ ਕਰਦੇ ਕੱਪੜਾ ਕਾਰੋਬਾਰੀ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ ਤੇ ਕਾਰੋਬਾਰੀ ਤੋਂ ਪੜਤਾਲ ਕੀਤੀ। ਪੁਲੀਸ ਸੂਤਰਾਂ ਮੁਤਾਬਕ ਕਰੀਬ ਡੇਢ ਸਾਲ ਪਹਿਲਾਂ ਕਾਰੋਬਾਰੀ ਨੂੰ ਫਿਰੌਤੀ ਲਈ ਧਮਕੀਆਂ ਆਈਆਂ ਸਨ। ਪੁਲੀਸ ਨੇ ਦੁਕਾਨਦਾਰ ਨੂੰ ਸੁਰੱਖਿਆ ਦੇ ਦਿੱਤੀ ਸੀ ਪਰ ਕੁਝ ਚਿਰ ਪਹਿਲਾਂ ਦੁਕਾਨਦਾਰ ਨੇ ਸੁਰੱਖਿਆ ਗਾਰਡ ਵਾਪਸ ਕਰ ਦਿੱਤਾ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਇਸ ਪਿੰਡ ਦਾ ਮੂਲ ਵਾਸੀ ਲਖਵੀਰ ਸਿੰਘ ਉਰਫ਼ ਲੱਕੀ ਕੈਨੇਡਾ ਤੋਂ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਫੋਨ ਕਰਦਾ ਹੈ। ਫ਼ਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ।