ਪਿੰਡ ਕੋਟ ਖੁਰਦ ਦੇ ਲੋਕਾਂ ਲਈ ਰੋਟੀ ਦੇ ਲਾਲੇ ਪਏ

ਰਾਸ਼ਨ ਲਈ ਜਮ੍ਹਾਂ ਕਰਵਾਏ ਪੈਸਿਆਂ ਦੀ ਰਸੀਦ ਦਿਖਾਉਂਦੇ ਹੋਏ ਪਿੰਡ ਵਾਸੀ।

ਹਰਵਿੰਦਰ ਕੌਰ ਨੌਹਰਾ
ਨਾਭਾ, 25 ਮਾਰਚ
ਕਰੋਨਾ ਦੀ ਰੋਕਥਾਮ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਬਾਜ਼ਾਰ ਬੰਦ ਹੋਣ ਕਾਰਨ ਗਰੀਬ ਲੋਕਾਂ ਨੂੰ ਢਿੱਡ ਭਰਨ ਲਈ ਰੋਟੀ ਦੇ ਲਾਲੇ ਪਏ ਹੋਏ ਹਨ। ਇਥੋਂ ਨੇੜਲੇ ਪਿੰਡ ਕੋਟ ਖੁਰਦ ਦੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਕੇਵਲ ਸਿੰਘ, ਜਸਪ੍ਰੀਤ ਸਿੰਘ, ਕਾਲਾ ਸਿੰਘ, ਸਤਗੁਰ ਸਿੰਘ, ਹਰਮਨ ਸਿੰਘ, ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲਾ ਅਨਾਜ ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਇਸ ਅਨਾਜ ਵੰਡ ਪ੍ਰਣਾਲੀ ’ਤੇ ਨਿਰਭਰ ਗਰੀਬ ਲੋਕਾਂ ਲਈ ਇਹ ਘੜੀ ਹੋਰ ਵੀ ਚਿੰਤਾਜਨਕ ਬਣ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੋਟਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਆਟਾ-ਦਾਲ ਸਕੀਮ ਤਹਿਤ ਦੋ ਰੁਪਏ ਕਣਕ ਦੇਣ ਦੇ ਨਾਲ-ਨਾਲ ਦਾਲ, ਚੀਨੀ, ਘੀ, ਚਾਹ ਪੱਤੀ ਵੀ ਗਰੀਬਾਂ ਨੂੰ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਰ ਤਾਂ ਕੀ ਦੇਣਾ ਸੀ, ਜੋ ਕਣਕ ਮਿਲਦੀ ਸੀ ਉਹ ਛੇ ਮਹੀਨੇ ਬੀਤ ਜਾਣ ’ਤੇ ਵੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਛੇ ਮਹੀਨੇ ਦੀ ਕਣਕ ਦੇਣ ਲਈ ਡਿੱਪੂ ਹੋਲਡਰ ਨੇ 13 ਮਾਰਚ ਨੂੰ ਕਣਕ ਦੇਣ ਲਈ ਬਣਦੀ ਰਾਸ਼ੀ ਉਨ੍ਹਾਂ ਤੋਂ ਲੈ ਲਈ ਪਰ ਕਣਕ ਅੱਜ ਤੱਕ ਵੀ ਨਹੀਂ ਦਿੱਤੀ। ਇਸ ਸਥਿਤੀ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਉਨ੍ਹਾਂ ਲਈ ਜੀਵਨ ਜਿਉਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਆਟਾ-ਦਾਲ ਸਕੀਮ ਰਾਹੀਂ ਸਭ ਖਾਣ ਵਾਲੀਆਂ ਵਸਤੂਆਂ ਦੇਣ ਦਾ ਪ੍ਰਬੰਧ ਕਰੇ ਅਤੇ ਜੋ 2 ਰੁਪਏ ਕਿਲੋ ਵਾਲੀ ਕਣਕ ਦੇ ਪੈਸੇ ਵੀ ਉਹ ਜਮ੍ਹਾਂ ਕਰਵਾ ਚੁੱਕੇ ਹਨ, ਉਹ ਬਿਨ੍ਹਾਂ ਕਿਸੇ ਦੇਰੀ ਤੋਂ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਕੀਤੀ ਜਾਵੇ।